ਰਜਨੀਸ਼ ਸਰੀਨ
- ਸਿਹਤਮੰਦ ਹੋਏ 16 ਲੋਕਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਤੇ ਪੁਲਿਸ ਵਿਭਾਗ ਦਿੱਤੀ ਮੁਬਾਰਕਬਾਦ
ਨਵਾਂ ਸ਼ਹਿਰ/ਬੰਗਾ, 17 ਅਪਰੈਲ 2020 : ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕੋਰੋਨਾ ਵਾਇਰਸ ਨੂੰ ਹਰਾਉਣ ਵਾਲੇ ਨਵਾਂ ਸ਼ਹਿਰ ਦੇ ਲੋਕਾਂ ਦੀ ਸ਼ਲਾਘਾ ਕੀਤੀ ਹੈ, ਜ਼ਿਹੜੇ ਨਾ ਸਿਰਫ ਪੰਜਾਬ ਸਗੋਂ, ਪੂਰੇ ਦੇਸ਼ ਲਈ ਇੱਕ ਮਿਸਾਲ ਬਣੇ ਹਨ। ਉਨ੍ਹਾਂ ਕਿਹਾ ਕਿ ਬੰਗਾ ਵਿਧਾਨ ਸਭਾ ਹਲਕੇ ਚ ਵਾਇਰਸ ਨਾਲ ਪੀੜਤ 18 ਲੋਕਾਂ ਚੋਂ ਜਿੱਥੇ 16 ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਉੱਥੇ ਹੀ ਦੋ ਹੋਰ ਮਰੀਜ਼ਾਂ ਦੇ ਉਹ ਜਲਦੀ ਹੀ ਠੀਕ ਹੋ ਕੇ ਆਪਣੇ ਘਰ ਪਰਤਣ ਦੀ ਕਾਮਨਾ ਕਰਦੇ ਹਨ।
ਇਸ ਲੜੀ ਹੇਠ ਐੱਮ.ਪੀ ਤਿਵਾੜੀ ਨੇ ਕਿਹਾ ਕਿ ਵਾਇਰਸ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਜਿਸ ਤਰ੍ਹਾਂ ਪਿੰਡਾਂ ਦੇ ਲੋਕਾਂ ਨੇ ਖੁਦ ਨੂੰ ਅਨੁਸ਼ਾਸਨ ਚ ਬੰਨ੍ਹਿਆ ਅਤੇ ਜਿਲ੍ਹਾ ਪ੍ਰਸ਼ਾਸਨ, ਸਿਹਤ ਤੇ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਕੋਰੋਨਾ ਦਾ ਸਫ਼ਾਇਆ ਕੀਤਾ, ਉਹ ਕਾਬਲੇ ਤਾਰੀਫ ਹੈ। ਉਹ ਜਿੱਥੇ ਹਸਪਤਾਲ ਤੋਂ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ 16 ਲੋਕਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਅਤੇ ਪੁਲਿਸ ਵਿਭਾਗ ਨੂੰ ਮੁਬਾਰਕਬਾਦ ਦਿੰਦੇ ਹਨ। ਉੱਥੇ ਹੀ ਹੋਰਨਾਂ ਦੇ ਵੀ ਜਲਦ ਸਿਹਤਮੰਦ ਹੋ ਕੇ ਘਰ ਵਾਪਿਸ ਜਾਣ ਦੀ ਕਾਮਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਔਖਾ ਸੀ, ਪਰ ਉਨ੍ਹਾਂ ਦੇ ਪੱਕੇ ਇਰਾਦੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਕੁਸ਼ਲ ਅਗਵਾਈ ਨੇ ਇਸਨੂੰ ਕਰ ਵਿਖਾਇਆ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨਿੱਜੀ ਤੌਰ ਤੇ ਸੂਬੇ ਦੀ ਹਰ ਸਥਿਤੀ ਤੇ ਨਜ਼ਰ ਰੱਖ ਰਹੇ ਹਨ ਅਤੇ ਵੀਡੀਓ ਕਾਨਫਰੈਂਸਿੰਗ ਰਾਹੀਂ ਮੰਤਰੀਆਂ ਅਤੇ ਅਫ਼ਸਰਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਕਣਕ ਦੀ ਖਰੀਦ ਵਾਸਤੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਥਿਤੀ ਚ ਦੇਸ਼ ਅੰਦਰ ਖੁਰਾਕ ਸੁਰੱਖਿਆ ਨੂੰ ਕਾਇਮ ਰੱਖਣ ਚ ਪੰਜਾਬ ਇੱਕ ਵਾਰ ਫਿਰ ਤੋਂ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਕੋਰੋਨਾ ਦੀ ਚੁਣੌਤੀ ਦੇ ਬਾਵਜੂਦ ਸਰਕਾਰ ਕਿਸਾਨਾਂ ਦੀ ਸੁਵਿਧਾ ਨੂੰ ਧਿਆਨ ਚ ਰੱਖਦਿਆਂ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਪੂਰਾ ਕਰ ਰਹੀ ਹੈ।