ਹਰਿੰਦਰ ਨਿੱਕਾ
ਬਰਨਾਲਾ, 5 ਮਈ 2020 - ਇੱਕ ਪਾਸੇ ਕੋਰੋਨਾ ਦਾ ਖਤਰਾ, ਦੂਜੇ ਪਾਸੇ ਆਪਣੀ ਮਾਂ ਨੂੰ ਮਿਲਣ ਲਈ ਤਰਸਦੀ ਧੀ ਦੀਆਂ ਚੀਖਾਂ, ਦੋ ਪੁੜਾਂ ਵਿਚਾਲੇ ਪਿਸ ਰਹੇ ਪਿਉ ਤੋਂ ਇਹ ਦੇਖ ਕੇ ਜਰ ਨਹੀਂ ਹੋਇਆ। ਆਖਿਰ ਉਹ ਬੋਲ ਪਿਆ, ਕੋਰੋਨਾ ਤਾਂ ਪਤਾ ਨਹੀਂ ਕਦੋਂ ਮਾਰੂ, ਪਰ ਲੱਗਦੈ , ਮੇਰੀ ਧੀ ਭੁੱਖ ਨਾਲ ਪਹਿਲਾਂ ਹੀ ਮਰਜੂ। ਇਹ ਸ਼ਬਦ ਬਰਨਾਲਾ ਦੇ ਜਿਲ੍ਹਾ ਪੱਧਰੀ ਆਈਸੋਲੇਸ਼ਨ ਵਾਰਡ ਸੋਹਲ ਪੱਤੀ ਚ, ਉੱਚੀ ਉੱਚੀ ਬੋਲ ਰਹੇ ਸਿਮਰਪ੍ਰੀਤ ਸਿੰਘ ਨਿਵਾਸੀ ਕੇ.ਸੀ. ਰੋਡ ਗਲੀ ਨੰਬਰ 12 ਬਰਨਾਲਾ ਦੇ ਹਨ। ਇਸ ਤਰਾਂ ਬੋਲਦੇ ਸ਼ਬਦਾਂ ਦੀ ਆਡੀਉ ਬੁੱਧਵਾਰ ਨੂੰ ਵਾਇਰਲ ਹੋ ਗਈ। ਦਰਅਸਲ ਸਿਮਰਪ੍ਰੀਤ ਦੀ ਪਤਨੀ ਮਨਪ੍ਰੀਤ ਕੌਰ ਆਪਣੀ ਕਰੀਬ 4 ਕੁ ਵਰ੍ਹਿਆਂ ਦੀ ਧੀ ਹਰਨੂਰ ਨਾਲ ਸ੍ਰੀ ਹਜੂਰ ਸਾਹਿਬ ਤੋਂ ਵਾਪਿਸ ਪਰਤੀ ਹੈ। ਮਨਪ੍ਰੀਤ ਦੀ ਰਿਪੋਰਟ ਪੌਜੇਟਿਵ ਆ ਚੁੱਕੀ ਹੈ । ਜਦੋਂ ਕਿ ਉਹ ਦੀ ਧੀ ਦੀ ਰਿਪੋਰਟ ਦਾ ਹਾਲੇ ਇੰਤਜਾਰ ਹੈ। ਬੱਚੀ ਤੇ ਉਹ ਦੀ ਮਾਂ ਨੂੰ ਇਹਤਿਆਤ ਦੇ ਤੌਰ ਤੇ ਅਲੱਗ ਅਲੱਗ ਰੱਖਿਆ ਹੋਇਆ ਹੈ। ਆਡੀਉ ਚ, ਬੱਚੀ ਦਾ ਜਾਹਿਰ ਕਰਦਾ ਪਿਉ ਕਹਿ ਰਿਹਾ ਹੈ ਕਿ ਉਹ ਦੀ ਧੀ ਸਵੇਰ ਦੀ ਆਪਣੀ ਮਾਂ ਤੋਂ ਦੁੱਧ ਪੀਣ ਲਈ ਮੰਗ ਰਹੀ ਹੈ। ਪਰ ਸਟਾਫ ਉਸ ਨੁੰ ਮਾਂ ਨੂੰ ਮਿਲਣ ਹੀ ਨਹੀਂ ਦਿੰਦਾ। ਉਹਨੇ ਦਾਅਵਾ ਕੀਤਾ ਕਿ ਉਹਦੀ ਪਤਨੀ ਬਿਲਕੁਲ ਠੀਕ ਹੈ, ਨਾ ਕੋਈ ਬੁਖਾਰ ਤੇ ਨਾ ਕੋਈ ਖੰਘ । ਕੁੱਝ ਵੀ ਇਹੋ ਜਿਹਾ ਲੱਛਣ ਉਹਦੇ ਚ, ਨਹੀਂ ਹੈ। ਉਧਰ ਸਿਹਤ ਵਿਭਾਗ ਦੇ ਅਮਲੇ ਨੇ ਦੱਸਿਆ ਕਿ ਕੋਰੋਨਾ ਪੌਜੇਟਿਵ ਹੋਣ ਕਾਰਣ ਉਹ ਬੱਚੀ ਦੇ ਫਾਇਦੇ ਲਈ ਹੀ ਉਸ ਦੀ ਮਾਂ ਤੋਂ ਉਸ ਨੂੰ ਵੱਖ ਉਹ ਦੇ ਪਿਉ ਕੋਲ ਆਈਸੋਲੇਸ਼ਨ ਸੈਂਟਰ ਚ, ਹੀ ਰੱਖ ਰਹੇ ਹਨ। ਜਦੋਂ ਤੱਕ ਮਨਪ੍ਰੀਤ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ, ਉਦੋਂ ਤੱਕ ਉਹ ਦੀ ਧੀ ਨੂੰ ਉਸ ਕੋਲ ਛੱਡਣਾ ਕਿਸੇ ਵੀ ਤਰ੍ਹਾਂ ਠੀਕ ਨਹੀ ਹੈ।