ਰਾਜਵੰਤ ਸਿੰਘ
- ਅੰਤਿਮ ਸਸਕਾਰ 'ਚ ਸ਼ਾਮਲ ਲੋਕਾਂ ਦੇ ਹੁਣ ਹੋਣਗੇ ਸੈਂਪਲ
- ਜ਼ਿਲ੍ਹੇ 'ਚ ਕੋਰੋਨਾ ਨਾਲ ਹੋਈ ਦੂਜੀ ਮੌਤ
- ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ
ਸ੍ਰੀ ਮੁਕਤਸਰ ਸਾਹਿਬ, 1 ਅਗਸਤ 2020 - ਸਥਾਨਕ ਖਜ਼ੂਰਾਂ ਵਾਲੀ ਗਲੀ ਦੀ ਵਸਨੀਕ ਇੱਕ ਔਰਤ ਦੀ ਬੀਤੇ ਕੱਲ੍ਹ ਮੌਤ ਹੋ ਗਈ ਹੈ। ਇਸ ਔਰਤ ਦਾ ਕੋਰੋਨਾ ਟੈਸਟ ਹੋਣ ਲਈ ਗਿਆ ਹੋਇਆ ਸੀ, ਪਰ ਰਿਪੋਰਟ ਆਉਣ ਤੋਂ ਪਹਿਲਾਂ ਉਸਦੀ ਮੌਤ ਹੋ ਗਈ ਅਤੇ ਪਰਿਵਾਰ ਵਲੋਂ ਔਰਤ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਅਤੇ ਅੰਤਿਮ ਸਸਕਾਰ ਦੀਆਂ ਰਸਮਾਂ 'ਚ ਆਮ ਲੋਕ ਅਤੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ, ਪਰ ਇਸ ਬਜ਼ੁਰਗ ਔਰਤ ਦੇ ਅੰਤਿਮ ਸਸਕਾਰ ਤੋਂ ਬਾਅਦ ਆਈ ਕੋਰੋਨਾ ਪਾਜ਼ੀਟਿਵ ਰਿਪੋਰਟ ਨੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ।
ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਜਿੱਥੇ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ, ਉੱਥੇ ਹੀ ਸੰਪਰਕ ਵਿਚ ਆਏ ਆਸ-ਪਾਸ ਦੇ ਲੋਕਾਂ ਅਤੇ ਸਕੇ ਸਬੰਧੀਆਂ ਦੇ ਸੈਂਪਲ ਵੀ ਲਏ ਜਾ ਰਹੇ ਹਨ। ਇਸ ਸਬੰਧੀ ਸਿਵਲ ਸਰਜਨ ਡਾ: ਐਚਐਨ ਸਿੰਘ ਨੇ ਦੱਸਿਆ ਕਿ ਬਜ਼ੁਰਗ ਔਰਤ ਕੋਰੋਨਾ ਪੀੜਤ ਸੀ ਅਤੇ ਉਸਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਹੈ। ਹੁਣ ਇਸ ਬਜ਼ੁਰਗ ਔਰਤ ਦੇ ਸੰਪਰਕ ਵਿੱਚ ਆਏ ਅਤੇ ਅੰਤਿਮ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਵਿਅਕਤੀਆਂ ਦੇ ਸੈਂਪਲ ਲਏ ਜਾ ਰਹੇ ਹਨ। ਮ੍ਰਿਤਕ ਬਜ਼ੁਰਗ ਔਰਤ ਆਸ਼ਾ ਰਾਣੀ ਦੀ ਉਮਰ 74 ਸਾਲ ਸੀ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕੋਰੋਨਾ ਦੇ ਦੋ ਹੋਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ, ਜਿੰਨ੍ਹਾਂ ਵਿੱਚ ਇੱਕ ਕੇਸ ਜ਼ਿਲ੍ਹੇ ਦੇ ਪਿੰਡ ਬਧਾਈਆਂ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਪੁਲਿਸ ਵਿਭਾਗ ਦਾ ਕਰਮਚਾਰੀ, ਜਿਸਦੀ ਉਮਰ ਕਰੀਬ 30 ਸਾਲ ਹੈ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂਕਿ ਦੂਜਾ ਕੇਸ ਗਿੱਦੜਬਾਹਾ ਦੀ ਲਛਮਣ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ-19 ਸੈਂਟਰ ਵਿਖੇ ਆਈਸੂਲੇਟ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ 237 ਹੋ ਗਈ ਹੈ, ਜਿਸ ਵਿੱਚੋਂ 201 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ 34 ਕੇਸ ਇਸ ਵੇਲੇ ਐਕਟਿਵ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਵਿੱਚੋਂ ਅੱਜ 281 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ 297 ਸੈਂਪਲ ਅਜੇ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 19 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ, ਜਿੰਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਪੁਸ਼ਟੀ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਨਾਲ ਇਹ ਦੂਜੀ ਮੌਤ ਹੈ।
ਵਰਣਨਯੋਗ ਹੈ ਕਿ ਦੇਰ ਸ਼ਾਮ ਆਈ ਰਿਪੋਰਟ ਤਹਿਤ ਜ਼ਿਲ੍ਹੇ ਅੰਦਰ ਇੱਕ ਹੋਰ ਕੋਰੋਨਾ ਪਾਜ਼ੀਟਿਵ ਦੀ ਪੁਸ਼ਟੀ ਪਾਈ ਗਈ ਹੈ। ਇਹ ਪੀੜਤ ਜ਼ਿਲ੍ਹੇ ਦੀ ਮੰਡੀ ਗਿੱਦੜਬਾਹਾ ਨਾਲ ਸਬੰਧਿਤ ਹੈ, ਜਿਸਦੀ ਉਮਰ ਕਰੀਬ 29 ਸਾਲ ਹੈ, ਜਿਸਦਾ ਫਾਜ਼ਿਲਕਾ ਵਿਖੇ ਸੈਂਪਲ ਲਿਆ ਗਿਆ ਸੀ, ਜਿਸਦੀ ਕੋਰੋਨਾ ਰਿਪੋਰਟ ਅੱਜ ਪਾਜ਼ੀਟਿਵ ਆਈ ਹੈ।