ਜੀ ਐਸ ਪੰਨੂ
ਪਟਿਆਲਾ, 9 ਅਪ੍ਰੈਲ 2020 - ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੇ ਸਸਕਾਰ ਸਬੰਧੀ ਤੱਥ-ਰਹਿਤ ਗਲਤ ਅਫਵਾਹਾਂ ਨੂੰ ਖਾਰਜ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਮ੍ਰਿਤਕ ਦੇ ਅਤਿੰਮ ਸੰਸਕਾਰ ਕਰਨ ਨਾਲ ਕਿਸੇ ਕਿਸਮ ਦਾ ਕੋਈ ਹੋਰ ਖਤਰਾ ਪੈਦਾ ਨਹੀਂ ਹੁੰਦਾ ਹੈ। ਸਿਹਤ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਇਸ ਸਬੰਧੀ ਨਾ ਘਬਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਵੀਡ-19 ਪਾਜੇਟਿਵ ਮ੍ਰਿਤਕ ਦੇ ਸਰੀਰ ਦਾ ਸਸਕਾਰ ਕਰਨ ਨਾਲ ਕੋਈ ਵਾਧੂ ਖਤਰਾ ਪੈਦਾ ਨਹੀਂ ਹੁੰਦਾ ਅਤੇ ਸਸਕਾਰ ਦੀ ਪੂਰੀ ਪ੍ਰਕਿਰਿਆ ਵਿਚ ਸਿਹਤ ਵਿਭਾਗ ਵਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਇਵੇਂ ਹੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫਨਾਉਣ ਵਾਲੇ ਕਰਮਚਾਰੀਆਂ ਵਲੋਂ ਦੇਹ ਦੇ ਸਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਇਥੋਂ ਤੱਕ ਕਿ ਦੇਹ ਦੀ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫਨਾਉਣ ਵਾਲੇ ਕਰਮਚਾਰੀਆਂ ਨੂੰ ਹੱਥਾਂ ਦੀ ਸਫਾਈ, ਮਾਸਕ, ਦਸਤਾਨਿਆਂ ਤੇ ਵਿਸ਼ੇਸ਼ ਕਿੱਟ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੁੰਦੀ ਹੈ ਅਤੇ ਸਸਕਾਰ ਦੀ ਸਾਰੀ ਪ੍ਰਕਿਰਿਆ ਮਾਹਿਰਾਂ ਦੀ ਦੇਖ ਰੇਖ ਵਿਚ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਰਿਸਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਪੜਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਮ ਰਸਮ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ ਦੁਆਰਾ ਸਧਾਰਣ ਸਾਵਧਾਨੀਆਂ ਵਰਤ ਕੇ) ਖੋਲਣ ਦੀ ਇਜਾਜਤ ਸ਼ਮਸ਼ਾਨ ਘਾਟ ਵਿਖੇ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਮ੍ਰਿਤਕ ਦੇਹ ਨੂੰ ਨਹਾਉਣ, ਚੁੰਮਣਾ, ਗਲੇ ਲਗਾਉਣ ਦੀ ਇਜਾਜਤ ਨਹੀਂ ਹੈ ਅਤੇ ਸਸਕਾਰ/ਦਫਨਾਉਣ ਵਾਲੇ ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਸੰਸਕਾਰ/ਦਫਨਾਉਣ ਤੋਂ ਬਾਅਦ ਹੱਥਾਂ ਦੀ ਸਫਾਈ ਕਰਨਾ, ਸ਼ਮਸ਼ਾਨਘਾਟ/ਦਫਨਾਉਣ ਵਾਲੇ ਸਥਾਨ `ਤੇ ਵੱਡੇ ਇਕੱਠ ਤੋਂ ਸਮਾਜਿਕ ਦੂਰੀਆਂ ਦੇ ਉਪਾਅ ਵਜੋਂ ਪਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ -19 ਦੇ ਫੈਲਣ ਦਾ ਮੁੱਖ ਕਾਰਨ ਡਰਾਪਲੈਟਸ (ਮੂੰਹ ਵਿਚੋਂ ਥੁੱਕ ਦੇ ਛਿੱਟੇ) ਅਤੇ ਪ੍ਰਭਾਵਿਤ ਵਿਅਕਤੀ ਨਾਲ ਨੇੜਲਾ ਸੰਪਰਕ ਹੈ। ਸਿਹਤ ਕਰਮਚਾਰੀਆਂ ਜਾਂ ਪਰਿਵਾਰਕ ਮੈਂਬਰਾਂ ਲਈ ਮ੍ਰਿਤਕ ਦੇਹ ਤੋਂ ਕੋਵਿਡ ਦੀ ਲਾਗ ਦਾ ਵੱਧ ਖ਼ਤਰਾ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉਹ ਮ੍ਰਿਤਕ ਸ਼ਰੀਰ ਨੂੰ ਸੰਭਾਲਦੇ ਹੋਏ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਕਰਮਚਾਰੀਆਂ ਦੁਆਰਾ ਮਰੀਜ ਦੀ ਲਾਸ਼ ਨੂੰ ਸੰਭਾਲਣ ਵੇਲੇ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਂਦੀ ਹੈ। ਸਟੈਂਡਰਡ ਸੰਕਰਮਣ ਰੋਕਥਾਮ ਨਿਯੰਤਰਣ ਵਿਧੀਆਂ ਦਾ ਹਰ ਸਮੇਂ ਪਾਲਣਾ ਕਰਨ ਤਹਿਤ ਹੱਥਾਂ ਦੀ ਸਫਾਈ, ਨਿੱਜੀ ਸੁਰੱਖਿਆ ਉਪਕਰਣਾਂ ਦੀ ਵਰਤੋਂ (ਉਦਾਹਰਣ ਵਜੋਂ, ਵਾਟਰ ਰਜਿ਼ਸਟੈਂਟ ਐਪ੍ਰਨ, ਦਸਤਾਨੇ, ਮਾਸਕ, ਆਈਵੇਅਰ), ਸ਼ਾਰਪਸ ਦੀ ਸੁਰੱਖਿਅਤ ਪ੍ਰਬੰਧਨ, ਲਾਸ਼ ਨੂੰ ਰੱਖਣ ਵਾਲੇ ਬੈਗ ਦਾ ਰੋਗਾਣੂ-ਮੁਕਤ ਹੋਣਾ, ਰੋਗੀ `ਤੇ ਵਰਤੇ ਜਾਣ ਵਾਲੇ ਉਪਕਰਣ ਦਾ ਰੋਗਾਣੂ-ਮੁਕਤ ਕਰਨਾ, ਵਾਤਾਵਰਣ ਨੂੰ ਸਾਫ ਅਤੇ ਕੀਟਾਣੂ-ਰਹਿਤ ਕਰਨਾ ਸ਼ਾਮਲ ਹਨ ।