ਲੋਕੇਸ਼ ਰਿਸ਼ੀ
- ਡੀ.ਸੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਗੁਰਦਾਸਪੁਰ, 26 ਅਗਸਤ 2020 - ਗੁਰਦਾਸਪੁਰ ਵਿਖੇ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਨਾਲ ਜੰਗ ਲੜਦਿਆਂ ਪੰਜਾਬ ਪੁਲਿਸ ਦਾ ਇੱਕ ਏ.ਐੱਸ.ਆਈ ਦੀ ਮੌਤ ਹੋ ਗਈ ਹੈ। ਦੀਨਾਨਗਰ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ 45 ਸਾਲਾ ਸੱਲਾ ਕੁਮਾਰ ਡੀ.ਐੱਸ.ਪੀ ਦੀਨਾਨਗਰ ਨਾਲ ਬਤੌਰ ਗੰਨਮੈਨ ਤਾਇਨਾਤ ਸਨ ਅਤੇ ਬੀਤੀ 24 ਅਗਸਤ ਨੂੰ ਹੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਹਾਲਾਂ ਕਿ ਗੁਰਦਾਸਪੁਰ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਵਿਗੜਦੀ ਵੇਖ। ਉਸ ਨੂੰ ਉੱਚ ਪੱਧਰੀ ਇਲਾਜ ਲਈ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ। ਪਰ ਅੱਜ ਸਵੇਰੇ (26 ਅਗਸਤ) ਨੂੰ ਸਵੇਰੇ ਸਾਢੇ 8 ਵਜੇ ਦੇ ਕਰੀਬ ਏ.ਐੱਸ.ਆਈ ਹਰੀਸ਼ ਕੁਮਾਰ ਸਵਾਸ ਤਿਆਗ ਗਏ।
ਉੱਥੇ ਦੂਜੇ ਪਾਸੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਕੋਰੋਨਾ ਵਾਰਿਅਰ ਏ.ਐੱਸ.ਆਈ ਹਰੀਸ਼ ਦੇ ਇਸ ਤਰਾਂ ਵਿਛੋੜਾ ਪਾ ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਪਰਿਵਾਰ ਦੇ ਨਾਲ ਖੜ੍ਹਾ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਯੋਧਿਆਂ ਦੀ ਤਰ੍ਹਾਂ ਫ਼ਰੰਟ 'ਤੇ ਲੜਾਈ ਲੜੀ ਜਾ ਰਹੀ ਹੈ ਅਤੇ ਕੋਰੋਨਾ ਵਿਰੁੱਧ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏ.ਐੱਸ.ਆਈ ਹਰੀਸ਼ ਕੁਮਾਰ ਆਪਣੀ ਡਿਊਟੀ ਪੂਰੀ ਮਿਹਨਤ ਤੇ ਲਗਨ ਨਾਲ ਨਿਭਾ ਰਿਹਾ ਸਨ ਅਤੇ ਕੋਰੋਨਾ ਦੀ ਲਪੇਟ ਵਿਚ ਆਉਣ ਕਾਰਨ, ਸਾਰਿਆਂ ਨੂੰ ਵਿਛੋੜਾ ਦੇ ਕੇ ਚਲਾ ਗਿਆ ਹੈ। ਉਨ੍ਹਾਂ ਪਰਮਾਤਮਾ ਦੇ ਚਰਨਾ ਵਿਚ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।