ਅਸ਼ੋਕ ਵਰਮਾ
- 9 ਸੈਂਪਲਾਂ ਦੀ ਰਿਪੋਰਟ ਦੀ ਉਡੀਕ
ਬਠਿੰਡਾ, 18 ਅਪ੍ਰੈਲ 2020 - ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਵਾਇਰਸ ਜਿੱਥੇ ਵਿਸ਼ਵ ਭਰ ਦੇ ਨਾਲ-ਨਾਲ ਪੰਜਾਬ ’ਚ ਵੀ ਹੋਲੀ-ਹੋਲੀ ਆਪਣੇ ਪੈਰ ਪਸਾਰ ਰਿਹਾ ਹੈ ਉੱਥੇ ਜ਼ਿਲਾ ਬਠਿੰਡਾ ਹਾਲੇ ਕਰੋਨਾ ਵਾਇਰਸ ਤੋਂ ਬਚਿਆ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ ਹਾਲੇ ਤੱਕ ਕੋਈ ਵੀ ਕਨਫਰਮ ਕੇਸ ਨਹੀਂ ਪਾਇਆ ਗਿਆ। ਇਸ ਤੋਂ ਇਲਾਵਾ ਉਨਾਂ ਇਹ ਵੀ ਕਿਹਾ ਕਿ ਜਿੱਥੇ 106 ਕੇਸਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਉੱਥੇ ਨਵੇਂ ਹੋਰ 9 ਸੈਂਪਲਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਸੂਬਾ ਸਰਕਾਰ ਵਲੋਂ ਮੁਫ਼ਤ ਹੈਲਪਲਾਇਨਾਂ ਸਥਾਪਤ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਕਾਨੂੰਨ ਤੇ ਵਿਵਸਥਾ, ਕਰਫ਼ਿਊ, ਪੁਲਿਸ ਨਾਲ ਸਬੰਧਤ ਕਿਸੇ ਵੀ ਮੁੱਦੇ ਬਾਰੇ ਜਾਣਕਾਰੀ ਲਈ ਜਾਂ ਆਪਣੀ ਕੋਈ ਹੋਰ ਸਮੱਸਿਆ ਦੱਸਣ ਲਈ ਤੁਸੀਂ 112 ਨੰਬਰ ’ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਐਂਬੂਲੈਂਸ ਲਈ 108, ਮੈਡੀਕਲ ਹੈਲਪਲਾਈਨ 104 ਅਤੇ ਟੈਲੀ ਡਾਕਟਰ/ਸਲਾਹ ਹੈਲਪਲਾਈਨ ਲਈ 1800-180-4104 ਆਦਿ ਹੈਲਪਲਾਈਨ ਨੰਬਰਾਂ ’ਤੇ ਸੰਪਰਕ ਕਰ ਸਕਦੇ ਹੋ।
ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਵਾਇਰਸ ਹਾਲੇ ਤੱਕ ਟਲਿਆ ਨਹੀਂ। ਤੁਸੀਂ ਸਾਰੇ ਆਪਣੇ-ਆਪਣੇ ਘਰਾਂ ’ਚ ਹੀ ਰਹੋਂ, ਆਪਸੀ ਤਾਲਮੇਲ ਨਾ ਰੱਖੋ। ਸੂਬਾ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੋਂ ਤਾਂ ਜੋ ਅਸੀਂ ਇੱਕਜੁੱਟ ਹੋ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕੀਏ।