ਮਨਪ੍ਰੀਤ ਸਿੰਘ ਜੱਸੀ
- ਪਿੰਡ ਮਾਨਾਂਵਾਲਾ ਵਿਚ ਪਹੁੰਚ ਕੇ ਡਿਪਟੀ ਕਮਿਸ਼ਨਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 16 ਮਾਰਚ 2020 - ਕਰੋਨਾ ਵਾਇਰਸ ਤੋਂ ਪ੍ਰਭਾਵਿਤ ਕਿਸੇ ਮਰੀਜ ਨੂੰ ਹਸਪਤਾਲ ਭਰਤੀ ਕਰਨ ਅਤੇ ਉਸਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖੇ ਜਾਣ ਦੀ ਸਥਿਤੀ ਪੈਦਾ ਕਰਕੇ ਅੱਜ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਅਭਿਆਸ ਕੀਤਾ ਗਿਆ। ਇਸ ਮੌਕੇ ਪਿੰਡ ਦੀਆਂ ਦੋ ਗਲੀਆਂ ਨੂੰ ਮਿਥ ਕੇ ਉਨਾਂ ਦੇ ਘਰ-ਘਰ ਜਾ ਕੇ ਮਰੀਜ਼ ਦੀ ਸ਼ਨਾਖਤ ਕਰਨ ਦਾ ਅਭਿਆਸ ਕੀਤਾ ਅਤੇ ਫਿਰ ਇਕ ਮਰੀਜ਼ ਨੂੰ ਮਿੱਥ ਕੇ ਉਸ ਨੂੰ ਹਸਪਤਾਲ ਭਰਤੀ ਕਰਵਾਉਣ ਤੱਕ ਦੀ ਪ੍ਰੀਕਿਆ ਪੂਰੀ ਕੀਤੀ ਗਈ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਵਾਲ, ਐਸ ਡੀ ਐਮ ਸ੍ਰੀ ਸ਼ਿਵਰਾਜ ਬੱਲ, ਸਿਖਲਾਈ ਅਧੀਨ ਆਈ ਏ ਐਸ ਅਧਿਕਾਰੀ ਅੰਕੁਰਦੀਪ ਸਿੰਘ, ਡਾ. ਹਰਨੂਰ ਸਿੰਘ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਐਸ ਐਮ ਓ ਨਿਰਮਲ ਸਿਘ, ਡਾ. ਵਰਿੰਦਰ ਕੁਮਾਰ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਅਭਿਆਸ ਵਿਚ ਪਿੰਡ ਵਾਸੀਆਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਦੇਣ, ਬਿਜਲੀ ਸਪਲਾਈ ਬਹਾਲ ਰੱਖਣ, ਅਨਾਜ ਦੀ ਕਿੱਲਤ ਹੋਣ ਦੀ ਸੂਰਤ ਵਿਚ ਸਰਕਾਰ ਵੱਲੋਂ ਅਨਾਜ ਤੱਕ ਦਾ ਪ੍ਰਬੰਧ ਕਰਨ ਦਾ ਅਭਿਆਸ ਕੀਤਾ ਗਿਆ।। ਸ. ਢਿਲੋਂ ਨੇ ਇਸ ਮੌਕੇ ਪਹੁੰਚ ਕੇ ਜਿੱਥੇ ਆਪ ਸਥਿਤੀ ਦਾ ਜਾਇਜ਼ਾ ਲਿਆ, ਉਥੇ ਕੁੱਝ ਜਰੂਰੀ ਸੁਝਾਅ ਵੀ ਦਿੱਤੇ, ਤਾਂ ਜੋ ਲੋਕਾਂ ਨੂੰ ਅਜਿਹੇ ਮੌਕੇ ਠਰੰਮੇ ਤੋਂ ਕੰਮ ਲੈਂਦੇ ਹੋਏ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ ਕੀਤਾ ਜਾ ਸਕੇ।
ਮੌਕਡਰਿੱਲ ਦੌਰਾਨ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਵਕਤ ਕਰੋਨਾ ਵਾਇਰਸ ਦੇ ਕੇਸ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਦਾ ਰੀਵਿਊ ਕਰਨ ਹਿੱਤ ਇਹ ਮੋਕ ਡਰਿੱਲ ਕਰਵਾਈ ਗਈ ਹੈ।। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਹਦਾਇਤਾਂ ਪ੍ਰਾਪਤ ਹੋਈਆਂ ਸਨ ਕਿ ਜ਼ਿਲ੍ਹੇ ਦੇ ਪੇਂਡੂ ਤੇ ਸ਼ਹਿਰੀ ਇਲਾਕੇ ਵਿੱਚ ਮੌਕ ਡਰਿੱਲ ਕੀਤੀ ਜਾਵੇ ਅਤੇ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਸਬੰਧੀ ਸੁਚੇਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਸਰਵੇਖਣ ਕੀਤਾ। ਇਨ੍ਹਾਂ ਟੀਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪੰਜਾਬ ਸਰਕਾਰ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸ ਮੌਕੇ ਉਨਾਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜੋ 1 ਜਨਵਰੀ 2020 ਤੋਂ ਬਾਅਦ ਵਿਦੇਸ਼ ਦੇ ਦੌਰੇ 'ਤੇ ਗਿਆ ਹੈ ਜਾਂ ਕਿਸੇ ਸ਼ੱਕੀ ਮਰੀਜ਼ ਦੇ ਸੰਪਰਕ ਵਿੱਚ ਆਇਆ ਹੈ ਤਾਂ ਤੁਰੰਤ ਸਿਹਤ ਸੰਸਥਾਵਾਂ ਨਾਲ ਸੰਪਰਕ ਕੀਤਾ ਜਾਵੇ। ਇਸ ਦੌਰਾਨ ਪਿੰਡ ਵਾਸੀਆਂ ਨੂੰ ਜਾਗਰੂਕਤਾ ਪੈਂਫਲਿਟ ਵੀ ਵੰਡੇ ਗਏ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਆਈਸੋਲੇਸ਼ਨ ਵਾਰਡ ਸਥਾਪਤ ਕੀਤੇ ਗਏ ਹਨ ਅਤੇ ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਨੈਸ਼ਨਲ ਕਾਲ ਸੈਂਟਰ 011-2397 8046 'ਤੇ ਸੰਪਰਕ ਕੀਤਾ ਜਾ ਸਕਦਾ ਹੈ।