ਹਰਿੰਦਰ ਨਿੱਕਾ
- ਐਕਟਿਵ ਕੇਸਾਂ ਦੀ ਗਿਣਤੀ 88 ਤੋਂ ਘੱਟ ਕੇ 86 ਹੋਈ: ਡਿਪਟੀ ਕਮਿਸ਼ਨਰ
ਸੰਗਰੂਰ, 14 ਮਈ 2020 - ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਤੋਂ ਅੱਜ 2 ਮਰੀਜ਼ ਸਫ਼ਲ ਇਲਾਜ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਗਏ। ਇਨਾਂ ਮਰੀਜ਼ਾਂ ਦੇ ਨੈਗੇਟਿਵ ਆਉਣ ਨਾਲ ਜ਼ਿਲੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 88 ਤੋਂ ਘੱਟ ਕੇ 86 ਰਹਿ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਨਾਂ ’ਚੋਂ ਇੱਕ ਧੂਰੀ ਵਾਸੀ 72 ਸਾਲਾ ਬਜ਼ੁਰਗ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸਰਕਾਰੀ ਬੱਸ ਰਾਹੀਂ ਸੰਗਰੂਰ ਪਹੁੰਚਿਆ ਸੀ ਅਤੇ ਦੂਸਰਾ ਖਾਨਪੁਰ ਪਿੰਡ ਦਾ 34 ਸਾਲਾ ਵਿਅਕਤੀ ਕੈਥਲ ਤੋਂ ਕੰਬਾਈਨ ਨਾਲ ਜ਼ਿਲੇ ’ਚ ਪਰਤਿਆ ਸੀ। ਉਨਾਂ ਦੱਸਿਆ ਕਿ ਖਾਨਪੁਰ ਪਿੰਡ ਨਾਲ ਸਬੰਧਤ ਵਿਅਕਤੀ ਦੇ ਸੈਂਪਲ ਬਾਗੜੀਆਂ ਵਿਖੇ ਲਗਾਏ ਗਏ ਚੈੱਕਪੋਸਟ ’ਤੇ ਲਏ ਗਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਨੂੰ 5 ਮਈ ਨੂੰ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਦਾਖ਼ਲ ਕੀਤਾ ਗਿਆ ਸੀ ਅਤੇ ਦੋ ਵਾਰ ਟੈਸਟ ਨੈਗੇਟਿਵ ਆਉਣ ’ਤੇ ਅੱਜ ਇਨਾਂ ਨੂੰ ਘਰ ਰਵਾਨਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮੌਕੇ ਡਾਕਟਰਾਂ ਅਤੇ ਸੈਂਟਰ ’ਚ ਤੈਨਾਤ ਹੋਰ ਸਟਾਫ਼ ਵੱਲੋਂ ਇਨਾਂ ਨੂੰ ਘਰਾਂ ’ਚ ਲਗਾਉਣ ਲਈ ਬੂਟੇ ਦੇ ਕੇ ਰਵਾਨਾ ਕੀਤਾ ਗਿਆ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਐਕਟਿਵ ਕੇਸਾਂ ’ਚੋਂ 39 ਹੋਰਨਾਂ ਵਿਅਕਤੀਆਂ ਦੇ ਸੈਂਪਲ ਵੀ ਟੈਸਟਿੰਗ ਲਈ ਭੇਜੇ ਗਏ ਹਨ ਅਤੇ 2 ਵਾਰ ਨੈਗੇਟਿਵ ਆਉਣ ’ਤੇ ਉਨਾਂ ਨੂੰ ਵੀ ਘਰ ਭੇਜ ਦਿੱਤਾ ਜਾਵੇਗਾ। ਉਨਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਾਹਰੀ ਖ਼ਾਸ ਕਰ ਕੋਰੋਨਾ ਪ੍ਰਭਾਵਿਤ ਇਲਾਕਿਆਂ ’ਚੋਂ ਜ਼ਿਲੇ ’ਚ ਪਰਤਣ ਵਾਲੇ ਵਿਅਕਤੀ ਜ਼ਿਲਾ ਪ੍ਰਸ਼ਾਸਨ ਨੂੰ ਜ਼ਰੂਰ ਸੂਚਿਤ ਕਰਨ ਤਾਂ ਜੋ ਕੋਵਿਡ-19 ਫੈਲਣ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ। ਉਨਾਂ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਤੋਂ ਜ਼ਿਲੇ ’ਚ ਆਉਣ ਵਾਲੇ ਵਿਅਕਤੀਆਂ ਦੇ ਸੈਂਪਲ ਨੈਗੇਟਿਵ ਆਉਣ ’ਤੇ ਹੀ ਉਨਾਂ ਨੂੰ ਘਰ ਇਕਾਂਤਵਾਸ ’ਚ ਭੇਜਿਆ ਜਾਵੇਗਾ।
ਇਸ ਮੌਕੇ ਸਿਵਲ ਸਰਜਨ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਕਿਰਪਾਲ ਸਿੰਘ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਹਰਿੰਦਰਪਾਲ ਸਿੰਘ, ਹਸਪਤਾਲ ਐਡਮਿਨੀਸਟ੍ਰੇਟਰ ਡਾ. ਸੁਹਾਨੀ ਹਿਨਾ, ਡਾ. ਪਰਵੀਨ ਮੜਕਨ, ਡਾ. ਰਾਹੁਲ ਅਤੇ ਸਾਰਾ ਨਰਸਿੰਗ ਤੇ ਮੈਡੀਕਲ ਸਟਾਫ਼ ਵੀ ਹਾਜ਼ਰ ਸੀ।