- ਲੋਕਾਂ ਨੂੰ ਐਸਐਮਐਸ (ਸਮਾਜਿਕ ਦੂਰੀ, ਮਾਸਕ ਅਤੇ ਸੈਨੀਟਾਈਜ਼ੇਸ਼ਨ) ਦੇ ਸਿਧਾਂਤ ਦੀ ਪਾਲਣਾ ਕਰਨ ਦੀ ਕੀਤੀ ਅਪੀਲ, ਪ੍ਰਾਈਵੇਟ ਹਸਪਤਾਲਾਂ ਨੂੰ ਆਮ ਲੋਕਾਂ ਵਿਚ ਮਾਸਕ ਵੰਡਣ ਲਈ ਕਿਹਾ
- ਨਰਸਿੰਗ ਸਟਾਫ, ਡਾਕਟਰਾਂ ਅਤੇ ਮਾਹਰਾਂ ਦੀ ਭਰਤੀ ਵੱਡੇ ਪੱਧਰ 'ਤੇ ਜਾਰੀ : ਐਮਡੀ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ
- ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਅਯੋਗ ਪੇਸ਼ੇਵਰਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਡੀਸੀ ਘਨਸ਼ਿਆਮ ਥੋਰੀ
ਜਲੰਧਰ, 20 ਨਵੰਬਰ 2020 - ਸਲਾਹਕਾਰ ਸਿਹਤ, ਡਾਕਟਰੀ ਸਿੱਖਿਆ ਅਤੇ ਖੋਜ ਡਾ. ਕੇ. ਕੇ. ਤਲਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਉਂਦੀ ਹੈ ਤਾਂ ਉਸ ਨਾਲ ਨਜਿੱਠਣ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ ਹੈ।
ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਅਤੇ 51 ਪ੍ਰਾਈਵੇਟ ਹਸਪਤਾਲਾਂ, ਜੋ ਕਿ ਜਲੰਧਰ ਵਿਖੇ ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਦੇ ਡਾਕਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਲਾਹਕਾਰ ਡਾ. ਕੇ.ਕੇ. ਤਲਵਾਰ ਨੇ ਕਿਹਾ ਕਿ ਪੰਜਾਬ ਨੇ ਅੱਠ ਮਹੀਨਿਆਂ ਦੀ ਮਿਆਦ ਦੌਰਾਨ ਇਸ ਮਾਰੂ ਵਾਇਰਸ ਦੀ ਪਹਿਲੀ ਲਹਿਰ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਹੁਣ ਜੇ ਦੂਜੀ ਲਹਿਰ ਆਉਂਦੀ ਹੈ, ਤਾਂ ਅਸੀਂ ਵਾਇਰਸ ਨਾਲ ਨਜਿੱਠਣ ਲਈ ਬਿਹਤਰ ਸਥਿਤੀ ਵਿਚ ਹੋਵਾਂਗੇ ਕਿਉਂਕਿ ਹੁਣ ਸਾਡੇ ਪਾਸ ਸਿਹਤ ਸਬੰਧੀ ਮਜ਼ਬੂਤ ਬੁਨਿਆਦੀ ਢਾਂਚਾ, ਮਨੁੱਖੀ ਸ਼ਕਤੀ, ਬਿਹਤਰ ਆਈਸੀਯੂ ਸੁਵਿਧਾਵਾਂ, ਵੈਂਟੀਲੇਟਰ, ਆਕਸੀਜ਼ਨ ਅਤੇ ਹੋਰ ਸੁਵਿਧਾਵਾਂ ਉਪਲਬਧ ਹਨ।
ਡਾ. ਤਲਵਾੜ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਵਾਇਰਸ ਤੋਂ ਹਰ ਕੀਮਤੀ ਜਾਨ ਨੂੰ ਬਚਾਉਣ ਲਈ ਵਚਨਬੱਧ ਹੈ ਅਤੇ ਇਸ ਵਾਰ ਪੰਜਾਬ ਵਿਚ ਪਹਿਲੀ ਲਹਿਰ ਤੋਂ ਸਿੱਖੇ ਬਿਹਤਰੀਨ ਮੈਡੀਕਲ ਅਭਿਆਸਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨਾਲ ਸਾਂਝਾ ਕਰਕੇ ਲੈਵਲ -3 ਦੇ ਮਰੀਜ਼ਾਂ ਲਈ ਸਮਰਪਿਤ ਆਈਸੀਯੂ ਸੁਵਿਧਾਵਾਂ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਗੋਲਡਲ ਪੀਰੀਅਡ (ਇੱਕ ਹਫ਼ਤੇ) ਦੌਰਾਨ ਲੈਵਲ -2 ਦੇ ਮਰੀਜ਼ਾਂ ਦੇ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਉਹ ਲੈਵਲ -3 ਵਿੱਚ ਤਬਦੀਲ ਨਾ ਹੋਣ ਅਤੇ ਪਹਿਲੇ ਪੜਾਅ ’ਤੇ ਠੀਕ ਹੋ ਸਕਣ।
ਸਲਾਹਕਾਰ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਆਉਣ ਵਾਲੇ ਹਰੇਕ ਮਰੀਜ਼ ਦਾ ਇਲਾਜ ਸਹੀ ਢੰਗ ਕਰਨ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਬਿਨਾਂ ਝਿਜਕ ਉਨ੍ਹਾਂ ਨਾਲ ਜਾਂ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਲੋਕਾਂ ਵਿੱਚ ਮਾਸਕ ਵੰਡਣ ਦੀ ਮੁਹਿੰਮ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਵਰਤਮਾਨ ਸਮੇਂ ਵਿੱਚ ਮਾਸਕ ਪਹਿਨਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਸਕ ਇਕੋ-ਇਕ ਵੈਕਸੀਨ ਹੈ।
ਜਪਾਨ, ਹਾਂਗ ਕਾਂਗ ਵਰਗੇ ਦੇਸ਼, ਜਿਥੇ ਕੋਵਿਡ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਕਿਉਂਕਿ ਲੋਕਾਂ ਨੇ ਚਿਹਰੇ ਦੇ ਮਾਸਕ ਸੱਭਿਆਚਾਰ ਨੂੰ ਅਪਣਾਇਆ , ਦਾ ਜ਼ਿਕਰ ਕਰਦਿਆਂ ਡਾ. ਤਲਵਾੜ ਨੇ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਐਸਐਮਐਸ (ਸਮਾਜਿਕ ਦੂਰੀ, ਮਾਸਕ ਅਤੇ ਸੈਨੀਟਾਈਜ਼ੇਸ਼ਨ) ਦੇ ਸਿਧਾਂਤ ਦੀ ਪਾਲਣਾ ਕਰਨ ਲਈ ਕਿਹਾ ਤਾਂ ਜੋ ਪੰਜਾਬ ਵਿਚ ਕੋਵਿਡ ਨੂੰ ਕੰਟਰੋਲ ਕੀਤਾ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਜ਼ੁਕਾਮ ਵਰਗੇ ਲੱਛਣ ਹੋਣ 'ਤੇ ਤੁਰੰਤ ਆਰਟੀਪੀਸੀਆਰ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਜਲਦੀ ਇਲਾਜ ਸ਼ੁਰੂ ਕੀਤਾ ਜਾ ਸਕੇ ਅਤੇ ਮੌਤ ਦਰ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਤਨੂੰ ਕਸ਼ਯਪ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਵੱਡੇ ਪੱਧਰ 'ਤੇ ਐਮਬੀਬੀਐਸ ਡਾਕਟਰਾਂ, ਮਾਹਰਾਂ, ਨਰਸਿੰਗ ਸਟਾਫ, ਲੈਬ ਟੈਕਨੀਸ਼ੀਅਨ ਅਤੇ ਹੋਰਨਾਂ ਦੀ ਭਰਤੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿ ਰਾਜ ਵਿੱਚ ਮਹਾਂਮਾਰੀ ਨਾਲ ਨਜਿੱਠਣ ਲਈ ਸਹਾਇਕ ਸਾਬਿਤ ਹੋਵੇਗੀ।
ਉਨ੍ਹਾਂ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਵਿਚਲਾ ਸਿਹਤ ਸਬੰਧੀ ਬੁਨਿਆਦੀ ਢਾਂਚਾ ਪਹਿਲਾਂ ਹੀ ਸੁਧਾਰਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਉਥੇ ਆਕਸੀਜ਼ਨ ਉਤਪਾਦਨ ਪਲਾਂਟ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਮੀਟਿੰਗ ਵਿੱਚ ਕੁਝ ਡਾਕਟਰਾਂ ਦੀਆਂ ਸ਼ਿਕਾਇਤਾਂ ਕਿ ਅਯੋਗ ਪੇਸ਼ੇਵਰ ਇਲਾਜ ਕਰ ਰਹੇ ਹਨ ਅਤੇ ਕੋਵਿਡ ਮਰੀਜ਼ਾਂ ਦੇ ਇਲਾਜ ਵਿੱਚ ਦੇਰੀ ਕਰ ਰਹੇ ਹਨ, ਜੋ ਕਿ ਉੱਚ ਮੌਤ ਦਰ ਵੱਲ ਲਿਜਾ ਰਹੇ ਹਨ, ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਮਰੀਜ਼ ਦਾ ਇਲਾਜ ਕਰਨ ਵਾਲੇ ਕਿਸੇ ਵੀ ਅਯੋਗ ਪੇਸ਼ੇਵਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਮੌਜੂਦ ਪਤਵੰਤਿਆ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸਡੀਐਮ ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ, ਡੀਐਮਸੀ ਡਾ. ਬਿਸ਼ਵ ਮੋਹਨ, ਪੀਜੀਆਈਐਮਈਆਰ ਐਮਡੀ ਐਨੇਸਥੀਸੀਆ ਅਤੇ ਐਸੋਸੀਏਟ ਪ੍ਰੋਫੈਸਰ ਡਾ. ਕਮਲ ਕਾਜਲ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਮੈਡੀਕਲ ਸੁਪਰਡੰਟ ਡਾ. ਮਨਦੀਪ ਕੌਰ ਮਾਂਗਟ, ਐਸਐਮਓ ਡਾ. ਕਸ਼ਮੀਰੀ ਲਾਲ, ਡਾ. ਪਰਮਜੀਤ ਸਿੰਘ ਤੇ ਹੋਰ ਸ਼ਾਮਿਲ ਸਨ।