- ਪਲਾਜ਼ਮਾ ਦੇਣ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ - ਅਨੀਸ਼ ਗਰਗ
- ਹੋਰਨਾਂ ਠੀਕ ਹੋਏ ਮਰੀਜਾਂ ਨੂੰ ਵੀ ਪਲਾਜ਼ਮਾ ਦੇਣ ਦੀ ਕੀਤੀ ਅਪੀਲ
ਪਟਿਆਲਾ, 6 ਅਗਸਤ 2020 - ਪਲਾਜ਼ਮਾ ਦੇਣ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ, ਮੈਂ ਖ਼ੁਦ ਆਪਣੀ ਇੱਛਾ ਅਨੁਸਾਰ ਆਪਣੇ ਵਾਹਨ 'ਤੇ ਰਾਜਿੰਦਰਾ ਹਸਪਤਾਲ ਪਹੁੰਚ ਕੇ ਆਪਣਾ ਪਲਾਜ਼ਮਾ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੋਵਿਡ ਤੋ ਠੀਕ ਹੋਣ ਉਪਰੰਤ ਪਲਾਜ਼ਮਾ ਦਾਨ ਦੇਣ ਵਾਲੇ ਅਨੀਸ਼ ਗਰਗ ਵੱਲੋਂ ਕੀਤਾ ਗਿਆ।
ਕਿਤਾਬਾਂ ਵਾਲੇ ਬਾਜ਼ਾਰ ਦੇ ਰਹਿਣ ਵਾਲੇ 30 ਸਾਲਾਂ ਅਨੀਸ਼ ਗਰਗ ਨੇ ਦੱਸਿਆ ਕਿ 17 ਅਪ੍ਰੈਲ ਨੂੰ ਮੇਰਾ ਕੋਰੋਨਾ ਸਬੰਧੀ ਰਾਜਿੰਦਰਾ ਹਸਪਤਾਲ ਵਿਚ ਟੈਸਟ ਹੋਇਆ ਸੀ ਅਤੇ ਅਗਲੇ ਦਿਨ ਫ਼ੋਨ ਆਇਆ ਕਿ ਤੁਹਾਡੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਨਾਲ ਉਸ ਨੂੰ ਕੁੱਝ ਘਬਰਾਹਟ ਵੀ ਹੋਈ, ਕਿਉਂਕਿ ਘਰ ਵਿਚ ਉਨ੍ਹਾਂ ਦੀ ਇੱਕ ਦੋ ਸਾਲ ਛੇ ਮਹੀਨੇ ਦੀ ਛੋਟੀ ਬੱਚੀ ਵੀ ਸੀ।
ਅਨੀਸ਼ ਗਰਗ ਨੇ ਦੱਸਿਆ ਕਿ ਪਾਜ਼ੀਟਿਵ ਆਉਣ 'ਤੇ ਮੈਨੂੰ ਹਸਪਤਾਲ ਲੈ ਗਏ ਅਤੇ ਮੇਰਾ ਸਾਰਾ ਪਰਿਵਾਰ ਜਿਸ ਵਿਚ ਮੇਰੇ ਮਾਤਾ ਪਿਤਾ, ਪਤਨੀ ਅਤੇ ਛੋਟੀ ਬੱਚੀ ਸ਼ਾਮਲ ਸੀ, ਨੂੰ ਵੀ ਰਾਜਿੰਦਰਾ ਹਸਪਤਾਲ ਲੈ ਕੇ ਗਏ ਜਿਥੇ ਸਾਰਿਆਂ ਦੇ ਕੋਵਿਡ ਟੈਸਟ ਹੋਏ ਅਤੇ ਟੈਸਟ ਦੀ ਰਿਪੋਰਟ ਆਉਣ 'ਤੇ ਸਾਰੇ ਕੋਵਿਡ ਪਾਜ਼ੀਟਿਵ ਆਏ।
ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਹੋਣ 'ਤੇ ਪਹਿਲੇ ਦਿਨ ਘਬਰਾਹਟ ਜ਼ਰੂਰ ਹੋਈ,ਉਸ ਤੋਂ ਬਾਦ ਸਾਨੂੰ ਹਸਪਤਾਲ ਦੇ ਡਾਕਟਰਾਂ ਨੇ ਸਮਝਾਇਆ ਅਤੇ ਹੌਸਲਾ ਦਿੱਤਾ ਕਿ ਘਬਰਾਹਟ ਦੀ ਕੋਈ ਗੱਲ ਨਹੀਂ ਹੈ, ਤੁਹਾਡੇ ਵਿਚ ਕੋਈ ਫਲੂ ਟਾਈਪ ਲੱਛਣ ਨਹੀਂ ਹਨ। ਡਾਕਟਰਾਂ ਨੇ ਸਲਾਹ ਦਿੱਤੀ ਕਿ ਤੁਸੀਂ ਜਿੰਨੀ ਸਮਾਜਿਕ ਦੂਰੀ ਬਣਾ ਕੇ ਰੱਖੋਗੇ, ਮਾਸਕ ਪਾ ਕੇ ਰੱਖੋਗੇ, ਹੱਥਾਂ ਨੂੰ ਵਾਰ ਵਾਰ ਧੋਵੋਗੇ ਅਤੇ ਪਾਣੀ ਵੱਧ ਤੋਂ ਵੱਧ ਪੀਉਗੇ,ਤਾਂ ਤੁਸੀਂ ਜਲਦੀ ਇਸ ਬਿਮਾਰੀ ਤੋਂ ਠੀਕ ਹੋ ਜਾਵੋਗੇ।
ਅਨੀਸ਼ ਗਰਗ ਨੇ ਦੱਸਿਆ ਕਿ ਡਾਕਟਰਾਂ ਦੇ ਕਹੇ ਅਨੁਸਾਰ ਸਾਵਧਾਨੀਆਂ ਵਰਤੀਆਂ ਅਤੇ ਇਲਾਜ ਕਰਵਾਇਆ ਅਤੇ ਕੁੱਝ ਦਿਨਾਂ ਬਾਦ ਮੇਰੇ ਮਾਤਾ ਜੀ ਦੀ ਰਿਪੋਰਟ ਨੈਗੇਟਿਵ ਆਈ ਤੇ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਕਰ ਦਿੱਤੀ ਗਈ ਅਤੇ 28 ਦਿਨਾਂ ਬਾਦ ਸਾਡੀ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਸਾਨੂੰ ਸਾਰਿਆਂ ਨੂੰ ਹਸਪਤਾਲ ਵਿਚੋਂ ਛੁੱਟੀ ਕਰ ਦਿੱਤੀ ਗਈ। ਸਾਨੂੰ ਅਗਲੇ ਸੱਤ ਦਿਨ ਘਰ ਵਿਚ ਹੀ ਏਕਾਤਵਾਸ 'ਚ ਰਹਿਣ ਲਈ ਕਿਹਾ ਗਿਆ ਅਤੇ ਅਜਿਹਾ ਕਰਨ ਨਾਲ ਸੱਤ ਦਿਨਾਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਹੁਣ ਅਸੀਂ ਬਿਲਕੁਲ ਠੀਕ ਠਾਕ ਹਾਂ ਅਤੇ ਆਮ ਵਾਂਗ ਜ਼ਿੰਦਗੀ ਬਤੀਤ ਕਰਨ ਲੱਗ ਪਏ।
ਅਨੀਸ਼ ਗਰਗ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਫ਼ੋਨ ਆਇਆ ਕਿ ਰਾਜਿੰਦਰਾ ਹਸਪਤਾਲ ਵਿੱਚ ਪੰਜਾਬ ਸਰਕਾਰ ਵੱਲੋਂ ਕੋਵਿਡ ਪੀੜਤ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਥੈਰੇਪੀ ਸ਼ੁਰੂ ਕੀਤੀ ਗਈ ਹੈ ਅਤੇ ਮੈਨੂੰ ਸਮਾਜ ਸੇਵਾ ਦੇ ਤੌਰ 'ਤੇ ਪਲਾਜ਼ਮਾ ਦੇਣ ਲਈ ਪ੍ਰੇਰਿਤ ਕੀਤਾ ਗਿਆ। ਪਲਾਜ਼ਮਾ ਦਾ ਨਾਮ ਸੁਣ ਕੇ ਮੇਰੇ ਮਨ ਵਿਚ ਕਾਫ਼ੀ ਸਵਾਲ ਆਏ ਕਿ ਪਲਾਜ਼ਮਾ ਦਾਨ ਕਰਨ ਨਾਲ ਸਰੀਰ ਨੂੰ ਕੀ ਕੋਈ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਇਸ ਦਾ ਸਾਨੂੰ ਕੀ ਫ਼ਾਇਦਾ ਹੈ ਤੇ ਪਲਾਜ਼ਮਾ ਚੜ੍ਹਾਉਣ ਵਾਲੇ ਨੂੰ ਇਸ ਦਾ ਕੀ ਫ਼ਾਇਦਾ ਹੋ ਸਕਦਾ ਹੈ।
ਜਿਨ੍ਹਾਂ ਦੇ ਜਵਾਬ ਵਿਚ ਡਾ. ਮਲਹੋਤਰਾ ਨੇ ਦੱਸਿਆ ਕਿ ਪਲਾਜ਼ਮਾ ਦੇਣ ਦੇ ਬਾਵਜੂਦ ਵੀ ਤੁਹਾਡੇ ਸਰੀਰ ਵਿੱਚ ਨਵੀਆਂ ਐਂਟੀ ਬਾਡੀਜ਼ ਬਣਨੀਆਂ ਜਾਰੀ ਰਹਿੰਦੀਆਂ ਹਨ ਅਤੇ ਤੁਹਾਡੇ ਸਰੀਰ ਦੀ ਰੋਗ ਰੋਕੂ ਸ਼ਕਤੀ ਵਿੱਚ ਕੋਈ ਫ਼ਰਕ ਨਹੀਂ ਪੈਂਦਾ, ਜਿਸ ਨੂੰ ਪਲਾਜ਼ਮਾ ਚੜ੍ਹੇਗਾ ਉਹ ਪਤਾ ਨਹੀਂ ਕਿਸ ਗੰਭੀਰ ਸਥਿਤੀ ਵਿਚ ਹੋਵੇਗਾ ਪ੍ਰੰਤੂ ਪਲਾਜ਼ਮਾ ਚੜ੍ਹਾਉਣ ਨਾਲ ਉਸ ਦੀ ਜ਼ਿੰਦਗੀ ਬਚ ਸਕਦੀ ਹੈ ਅਤੇ ਇਹ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ।
ਅਨੀਸ਼ ਗਰਗ ਨੇ ਦੱਸਿਆ ਕਿ ਡਾਕਟਰ ਸਾਹਿਬ ਦੇ ਸਮਝਾਉਣ ਨਾਲ ਸਹਿਮਤ ਹੁੰਦਿਆ ਮੈਂ ਪਲਾਜ਼ਮਾ ਦੇਣ ਲਈ ਤਿਆਰ ਹੋ ਗਿਆ ਤੇ ਮੈਂ 25 ਜੁਲਾਈ ਨੂੰ ਖ਼ੁਦ ਰਾਜਿੰਦਰਾ ਹਸਪਤਾਲ ਦੇ ਪਲਾਜ਼ਮਾ ਬੈਂਕ ਵਿਚ ਆਪਣੇ ਵਾਹਨ 'ਤੇ ਜਾ ਕੇ ਪਲਾਜ਼ਮਾ ਦੇ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਇਹ ਗਲਤ ਫਹਿਮੀ ਕਿ ਪਲਾਜ਼ਮਾ ਦੇਣ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ ਬਿਲਕੁਲ ਗ਼ਲਤ ਹੈ, ਕਿਉਂਕਿ ਪਲਾਜ਼ਮਾ ਦੇਣ ਤੋਂ ਬਾਅਦ ਮੈਨੂੰ ਕਿਸੇ ਕਿਸਮ ਦੀ ਕਮਜ਼ੋਰੀ ਮਹਿਸੂਸ ਨਹੀਂ ਹੋਈ ਤੇ ਮੈਂ ਖ਼ੁਦ ਆਪਣੇ ਵਾਹਨ 'ਤੇ ਪਲਾਜ਼ਮਾ ਦੇ ਕੇ ਘਰ ਵਾਪਸ ਆਇਆ।
ਅਨੀਸ਼ ਗਰਗ ਨੇ ਕੋਵਿਡ ਤੋਂ ਠੀਕ ਹੋ ਚੁੱਕੇ ਉਨ੍ਹਾਂ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਠੀਕ ਹੋਏ 28 ਦਿਨ ਹੋ ਗਏ ਹਨ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਪਲਾਜ਼ਮਾ ਬੈਂਕ ਵਿਚ ਆ ਕੇ ਪਲਾਜ਼ਮਾ ਦੇਣ ਤਾਂ ਜੋ ਕੋਵਿਡ ਪੀੜਤ ਗੰਭੀਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇ। ਪਲਾਜ਼ਮਾ ਦੇਣ ਸਮੇਂ ਉਨ੍ਹਾਂ ਦਾ ਖੂਨ ਦਾ ਟੈਸਟ ਲਿਆ ਜਾਂਦਾ ਹੈ ਅਤੇ ਟੈਸਟ ਠੀਕ ਆਉਣ ਤੇ ਹੀ ਤੁਹਾਡੀ ਸਹਿਮਤੀ 'ਤੇ ਹੀ ਪਲਾਜ਼ਮਾ ਲਿਆ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵੀ ਮਾਸਕ ਪਾਉਣ,ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਣ ਵਰਗੀਆਂ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ।