ਅਸ਼ੋਕ ਵਰਮਾ
ਪਠਾਨਕੋਟ, 7 ਅਪ੍ਰੈਲ 2020 - ਪਠਾਨਕੋਟ ਜ਼ਿਲ੍ਹੇ ’ਚ ਪੈਂਦੇ ਕੰਢੀ ਬੀਤ ਨਾਲ ਸਬੰਧਤ ਪਛੜੇ ਮੰਨੇ ਜਾਂਦੇ ਇਲਾਕੇ ਦੀ ਇੱਕ ਲੇਡੀ ਸਰਪੰਚ ਨੇ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨਾਲ ਆਢਾ ਲਾਇਆ ਹੋਇਆ ਹੈ। ਪਿੰਡ ਹਾੜਾ ਦੀ ਧੀਅ ਅਤੇ ਪੰਜਾਬ ਦੀ ਸਭ ਤੋਂ ਛੋਟੀ ਸਰਪੰਚ ਪੱਲਵੀ ਠਾਕੁਰ ਦੀ ਸੋਚ ਹੈ ਕਿ ਪਿੰਡ ਨੂੰ ਤੱਤੀ ਵਾਅ ਨਹੀਂ ਲੱਗਣੀ ਚਾਹਦੀ । ਜਦੋਂ ਸਰੰਪਚ ਬਣੀ ਤਾਂ ਉਸ ਵਕਤ ਉਸ ਦੀ ਗਰੈਜੂਏਸ਼ਨ ਵੀ ਪੂਰੀ ਨਹੀਂ ਹੋਈ ਸੀ। ਉਸ ਨੇ ਪਿੰਡ ਨੂੰ ਸੰਵਾਰਨਾ ਦਾ ਸੁਪਨਾ ਲਿਆ ਹੋਇਆ ਹੈ।
ਪੰਜਾਬ ’ਚ ਜਦੋਂ ਕੋਰੋਨਾ ਵਾਇਰਸ ਨੇ ਪੈਰ ਪਸਾਰੇ ਤਾਂ ਉਸ ਨੇ ਲੋਕਾਂ ਨੂੰ ਜਾਗਰੂਕ ਕੀਤਾ। ਉਸ ਨੇ ਸਿਲਾਈ ਮਸ਼ੀਨ ਤੇ ਹੱਥੀਂ ਮਾਸਕ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਜੋ ਉਸ ਨੇ ਘਰ ਘਰ ਜਾ ਕੇ ਵੰਡੇ ਹਨ। ਸਰਕਾਰ ਤਰਫੋਂ ਮਿਲਿਆ ਕੀਟਨਾਸ਼ਕ ਦੋ ਵਾਰ ਸਪਰੇਅ ਕਰਵਾ ਦਿੱਤਾ ਹੈ। ਕਰਫਿਊ ਕਾਰਨ ਸਫਾਈ ਸੇਵਕ ਨਹੀਂ ਆ ਰਹੇ ਹਨ। ਪਿੰਡ ਵਾਸੀਆਂ ਨੂੰ ਸਫਾਈ ਰੱਖਣ ਲਈ ਸਫਾਈ ਦਾ ਮਹੱਤਵ ਸਮਝਾਇਆ ਗਿਆ ਹੈ। ਹੁਣ ਪਿੰਡ ਸਫਾਈ ਦੇ ਮਾਮਲੇ ਵਿਚ ਮੋਹਰੀ ਹੈ। ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਜੇਕਰ ਅਸੀਂ ਗਲਤੀ ਕੀਤੀ ਤਾਂ ਉਸ ਦਾ ਪਿੰਡ ਵਾਸੀਆਂ ਨੂੰ ਨੁਕਸਾਨ ਹੋ ਸਕਦਾ ਹੈ। ਪੱਲਵੀ ਦੇ ਇੱਕ ਸੁਨੇਹੇਂ ਤੇ ਲੋਕ ਇੱਕ ਮੋਰੀ ਨਿਕਲ ਗਏ ਹਨ। ਸਿਆਸਤ ਦੇ ਵੰਡੇ ਪਿੰਡਾਂ ਨੂੰ ਇਸ ਪਿੰਡ ਦੀ ਸਰਪੰੰਚ ਰਾਹ ਦਿਖਾਉਂਦੀ ਹੈ। ਭਾਵੇਂ ਇਸ ਪਿੰਡ ਵਿਚ ਸਭ ਸਿਆਸੀ ਧਿਰਾਂ ਹਨ ਪ੍ਰੰਤੂ ਸਰਪੰਚ ਦੇ ਯਤਨਾਂ ਸਦਕਾ ਕਿਤੇ ਸਿਆਸੀ ਲਕੀਰ ਨਜ਼ਰ ਨਹੀਂ ਆਉਂਦੀ ਹੈ।
ਪਿੰਡ ਦੀ ਲੇਡੀ ਸਰਪੰਚ ਪੱਲਵੀ ਠਾਕੁਰ ਤਾਂ ਹੁਣ ਪਿੰਡ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣ ਦੇ ਮਿਸ਼ਨ ਵਿਚ ਲੱਗੀ ਹੋਈ ਹੈ। ਸਰਕਾਰ ਦੇ ਹੁਕਮਾਂ ਤੇ ਪੱਲਵੀ ਨੇ ਪਿੰਡ ਵੱਲ ਆਉਣ ਵਾਲੇ ਰਸਤਿਆਂ ਤੇ ਪਹਿਰਾ ਲਾ ਦਿੱਤਾ ਹੈ ਜਿਸ ਦੀ ਨਿਗਰਾਨੀ ਉਹ ਖੁਦ ਕਰਦੀ ਹੈ। ਪੰਚਾਇਤ ਨੇ ਪਿੰਡ ਵਿੱਚ ਬਾਹਰੀ ਵਿਅਕਤੀਆਂ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀਂ ਹੈ। ਪਿੰਡ ਦੇ ਨੌਜਵਾਨਾਂ ਵੱਲੋਂ 24 ਘੰਟੇ ਸੜਕਾਂ ’ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦੇ ਦਾਖਲ ਹੋਣ ਸਮੇਂ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਵਾਏ ਜਾਂਦੇ ਹਨ। ਬਹੁਤ ਹੰਗਾਮੀ ਹਾਲਤ ਵਿੱਚ ਜੇਕਰ ਕੋਈ ਵਿਅਕਤੀ ਪਿੰਡ ਵਿੱਚ ਆਉਂਦਾ ਹੈ ਤਾਂ ਰਜਿਸਟਰ ’ਤੇ ਉਸ ਦਾ ਮੁਕੰਮਲ ਵੇਰਵਾ, ਮੋਬਾਇਲ ਨੰਬਰ ਤੇ ਪਿਛਲੇ ਦਿਨਾਂ ਦੌਰਾਨ ਸਮਾਜ ਵਿੱਚ ਵਿਚਰਨ ਬਾਰੇ ਜਾਣਕਾਰੀ ਦਰਜ ਕਰਨ ਲਈ ਕਿਹਾ ਜਾਂਦਾ ਹੈ।
ਪਿੰਡ ਵਾਸੀਆਂ ਦੇ ਇਸ ਕਾਰਜ ਦੀ ਜਿਲਾ ਪ੍ਰਸ਼ਾਸਨ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ ਅਤੇ ਅਧਿਥਾਰੀਆਂ ਨੇ ਲੋਕਾਂ ਨੂੰ ਆਪੋ-ਆਪਣੇ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਹੈ। ਪਿੰਡ ਵਾਸੀਆਂ ਨੇ ਮਤਾ ਪਕਾਇਆ ਹੈ ਕਿ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਦੀਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਪਿੰਡ ਦੇ ਲੋਕਾਂ ਦਾ ਹੌਂਸਲਾ ਵਧਾਉਣ ਲਈ ਪੱਲਵੀ ਪਿੰਡ ’ਚ ਗੇੜਾ ਮਾਰਦੀ ਹੈ ਅਤੇ ਹਾਲ ਚਾਲ ਵੀ ਪੁੱਛਦੀ ਹੈ। ਸਰਪੰਚ ਨੇ ਦੱਸਿਆ ਕਿ ਫਿਲਹਾਲ ਸਥਿਤੀ ਠੀਕ ਹੈ ਪਰ ਮਹੀਨਾ ਹੋਣ ਕਰਕੇ ਰਾਸ਼ਨ ਖਤਮ ਹੋਣ ਵੱਲ ਹੈ। ਉਨਾਂ ਆਖਿਆ ਕਿ ਜੇ ਕਿਸੇ ਪ੍ਰੀਵਾਰ ਨੂੰ ਕੋਈ ਮਸਲਾ ਖੜਾ ਹੋਵੇਗਾ ਤਾਂ ਉਸ ਦੀ ਪੂਰੀ ਸਹਾਇਤਾ ਕੀਤੀ ਜਾਏਗੀ।
ਲੇਡੀ ਸਰਪੰਚ ਪੱਲਵੀ ਠਾਕੁਰ ਦਾ ਕਹਿਣਾ ਸੀ ਕਿ ਪੰਚਾਇਤ ਦਾ ਇੱਕੋ ਨਿਸ਼ਾਨਾ ਹੈ ਕਿ ਪਿੰੰਡ ਦਾ ਕੋਈ ਬਿਮਾਰ ਵੀ ਪਿੰਡ ਦੀ ਜੂਹ ਤੋਂ ਬਾਹਰ ਨਾ ਜਾਵੇ ਕਰੋਨਾਂ ਵਾਇਰਸ ਆਉਣ ਦੇਣਾ ਦੂਰ ਦੀ ਗੱਲ ਹੈ। ਉਨਾਂ ਆਖਿਆ ਕਿ ਪੂਰੇ ਪਿੰਡ ਦੇ ਲੋਕਾਂ ਦੇ ਸਹਿਯੋਗ ਸਦਕਾ ਉਨਾਂ ਨੂੰ ਕਾਮਯਾਬੀ ਵੀ ਮਿਲ ਰਹੀ ਹੈ। ਮਹਿਲਾ ਸਰਪੰਚ ਦਾ ਪਿਤਾ ਕੇਵਲ ਸਿੰਘ ਕਾਂਗਰਸ ਪਾਰਟੀ ਨਾਲ ਸਬੰਧਿਤ ਹੈ ਪ੍ਰੰਤੂ ਉਸ ਨੇ ਕਦੇ ਸਿਆਸੀ ਰੰਗ ਦਾ ਪੰਚਾਇਤ ਤੇ ਪ੍ਰਛਾਵਾਂ ਨਹੀਂ ਪੈਣ ਦਿੱਤਾ। ਪੱਲਵੀ ਨੇ ਆਖਿਆ ਕਿ ਉਸ ਨੇ ਪਿੰਡ ਵਾਸੀਆਂ ਨੂੰ ਕਿਹਾ ਹੈ ਕਿ ਕਿਸੇ ਸਮੱਸਿਆ ਜਾਂ ਮੁਸ਼ਕਲ ਦੀ ਸੂਰਤ ’ਚ ਉਸ ਦੇ ਦਰਵਾਜੇ 24 ਘੰਟੇ ਖੁੱਲੇ ਹਨ।
ਪਿੰਡ ਹਾੜਾ ਦੀ ਅਬਾਦੀ ਕਰੀਬ 2400 ਹੈ ਅਤੇ 7 ਪੰੰਚ ਹਨ ਜਦੋਂਕਿ 8ਵਾਂ ਸਰਪੰਚ ਹੇ। ਪਿੰਡ ’ਚ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਹਨ। ਸੈਕੰਡਰੀ ਸਕੂਲ ਦੀ ਜਗਾ ਪੱਲਵੀ ਦੇ ਦਾਦਾ ਪ੍ਰਭਾਤ ਸਿੰਘ ਠਾਕੁਰ ਨੇ ਦਾਨ ਦਿੱਤੀ ਸੀ। ਸਰਪੰਚ ਨੇ ਪਿੰਡ ’ਚ ਸਟੇਡੀਅਮ ਬਨਾਉਣ ਵਾਸਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕੀਤੀ ਹੈ। ਜਿੰਨਾਂ ਵਾਰਡਾਂ ’ਚ ਬਿਜਲੀ ਦੀ ਸਮੱਸਿਆ ਹੈ ਉੱਥੇ ਨਵੇਂ ਟਰਾਂਸਫਾਰਮਰ ਲਗਵਾਏ ਹਨ। ਜਲ ਸਪਲਾਈ ਲਈ ਵੀ ਵੱਖਰੇ ਤੌਰ ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਪੱਲਵੀ ਨੂੰ ਪੰਜਾਬ ਪੱਧਰ ਤੇ ਮਨਾਈ ਧੀਆਂ ਦੀ ਲੋਹੜੀ ’ਚ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਲੇਡੀ ਸਰਪੰਚ ਰਾਹ ਦਸੇਰਾ : ਬੀਡੀਪੀਓ
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਸ੍ਰੀ ਵਿਜੇ ਸੈਣੀ ਦਾ ਕਹਿਣਾ ਸੀ ਕਿ ਸੰਕਟ ਦੇ ਇਸ ਸਮੇਂ ਦੌਰਾਨ ਪਿੰਡ ਹਾੜਾ ਦੀ ਪੰਚਾਇਤ ਵਲੋਂ ਭਾਈਚਾਰੇ ਦੀ ਮਜ਼ਬੂਤੀ ਲਈ ਚੰਗੀ ਭੂਮਿਕਾ ਨਿਭਾਈ ਜਾ ਰਹੀ ਹੈ।ਉਨਾਂ ਆਖਿਆ ਕਿ ਦੂਸਰੇ ਪਿੰਡਾਂ ਨੂੰ ਵੀ ਇਸ ਪਿੰਡ ਤੋਂ ਸੇਧ ਲੈਣੀ ਚਾਹੀਦੀ ਹੈ। ਉਨਾਂ ਆਖਿਆ ਕਿ ਪੰਚਾਇਤ ਕਦੇ ਵੀ ਵਿਕਾਸ ਦੇ ਮਾਮਲੇ ਵਿਚ ਪੱਖਪਾਤ ਨਹੀਂ ਕਰਦੀ ਹੈ।