-ਨੋਵੇਲ ਕੋਰੋਨਾ ਵਾਇਰਸ (ਕੋਵਿਡ 19)-
ਖੁਸ਼ਖ਼ਬਰੀ, ਜ਼ਿਲ੍ਹਾ ਲੁਧਿਆਣਾ ਦੇ 11 ਮਰੀਜ਼ਾਂ ਨੂੰ ਮਿਲੀ ਛੁੱਟੀ
-ਫਿਰੋਜ਼ਪੁਰ ਡਵੀਜ਼ਨ ਦੀ 100ਵੀਂ ਅਤੇ ਲੁਧਿਆਣਾ ਤੋਂ 50ਵੀਂ ਰੇਲ ਪ੍ਰਵਾਸੀ ਲੋਕਾਂ ਨੂੰ ਲੈ ਕੇ ਰਵਾਨਾ
-ਯਾਤਰੀਆਂ ਨੂੰ ਜਾਅਲੀ ਟਿਕਟਾਂ ਵੇਚਣ ਵਾਲੇ 2 ਵਿਅਕਤੀ ਗ੍ਰਿਫ਼ਤਾਰ
-ਲੋਕ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ, ਜ਼ਿਲ੍ਹਾ ਪ੍ਰਸਾਸ਼ਨ ਦੇ ਸੋਸ਼ਲ ਮੀਡੀਆ ਨਾਲ ਜੁੜਨ ਦਾ ਸੱਦਾ
ਲੁਧਿਆਣਾ, 16 ਮਈ, 2020 : ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 24 ਮਰੀਜ਼ ਠੀਕ ਹੋ ਚੁੱਕੇ ਹਨ, ਜੋ ਕਿ ਇੱਕ ਬਹੁਤ ਹੀ ਵੱਡੀ ਖੁਸ਼ਖ਼ਬਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਠੀਕ ਹੋਣ ਵਾਲਿਆਂ ਵਿੱਚ 4 ਕੋਟਾ ਤੋਂ ਵਾਪਸ ਲਿਆਂਦੇ ਵਿਦਿਆਰਥੀ ਹਨ ਅਤੇ 7 ਨੰਦੇੜ ਤੋਂ ਵਾਪਸ ਲਿਆਂਦੇ ਸ਼ਰਧਾਲੂ ਹਨ। ਉਨ੍ਹਾਂ ਦੱਸਿਆ ਕਿ ਅੱਜ 17 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਅੱਜ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 4599 ਨਮੂਨੇ ਲਏ ਗਏ ਹਨ, ਜਿਨਾਂ ਵਿੱਚੋਂ 4186 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 146 ਨਮੂਨੇ ਪਾਜ਼ੀਟਿਵ ਆਏ ਹਨ, ਜਦਕਿ ਬਾਕੀ ਜ਼ਿਲਿਆਂ ਨਾਲ ਸੰਬੰਧਤ ਮਾਮਲਿਆਂ ਦੀ ਗਿਣਤੀ 59 ਹੈ। ਹੁਣ ਤੱਕ 24 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 6 ਮੌਤਾਂ ਹੋ ਚੁੱਕੀਆਂ ਹਨ। ਜ਼ਿਲ੍ਹਾ ਲੁਧਿਆਣਾ ਦੇ 116 ਮਰੀਜ਼ਾਂ ਦਾ ਇਲਾਜ਼ ਸਿਵਲ ਹਸਪਤਾਲ ਲੁਧਿਆਣਾ ਅਤੇ ਜੱਚਾ ਬੱਚਾ ਹਸਪਤਾਲ (ਵਰਧਮਾਨ ਮਿੱਲ ਪਿੱਛੇ) ਵਿਖੇ ਚੱਲ ਰਿਹਾ ਹੈ।
ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਛੱਡਣ ਲਈ ਫਿਰੋਜ਼ਪੁਰ ਡਵੀਜ਼ਨ ਦੀ 100ਵੀਂ ਅਤੇ ਜ਼ਿਲ੍ਹਾ ਲੁਧਿਆਣਾ ਤੋਂ 50ਵੀਂ ਰੇਲ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ। ਹੁਣ ਤੱਕ ਜ਼ਿਲ੍ਹਾ ਲੁਧਿਆਣਾ ਤੋਂ 60 ਹਜ਼ਾਰ ਤੋਂ ਵਧੇਰੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬਿਆਂ ਲਈ ਭੇਜਿਆ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਪ੍ਰਵਾਸੀਆਂ ਨੂੰ ਲਿਜਾਣ ਲਈ ਪਹਿਲੀ ਰੇਲ 5 ਮਈ, 2020 ਨੂੰ ਲੁਧਿਆਣਾ ਤੋਂ ਰਵਾਨਾ ਹੋਈ ਸੀ। ਇਨਾਂ ਰੇਲਾਂ ਨੂੰ ਅੱਜ ਸ੍ਰੀ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨਾਂ ਪ੍ਰਵਾਸੀਆਂ ਦਾ ਰੇਲ ਕਿਰਾਇਆ, ਭੋਜਨ, ਪਾਣੀ, ਰੇਲਵੇ ਸਟੇਸ਼ਨ ਤੱਕ ਪਹੁੰਚਾਉਣ ਦਾ ਸਾਰਾ ਖਰਚਾ ਉਠਾਇਆ ਜਾ ਰਿਹਾ ਹੈ। ਹਰੇਕ ਯਾਤਰੀ ਦੀ ਸਕਰੀਨਿੰਗ ਕਰਨ ਉਪਰੰਤ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਅਗਲੇ ਦਿਨਾਂ ਦੌਰਾਨ ਜਿਆਦਾ ਤੋਂ ਜਿਆਦਾ ਪ੍ਰਵਾਸੀ ਲੋਕਾਂ ਨੂੰ ਭੇਜਣ ਲਈ ਹੋਰ ਰੇਲਾਂ ਚਲਾਈਆਂ ਜਾਣਗੀਆਂ। ਅੱਜ ਲੁਧਿਆਣਾ ਤੋਂ 8 ਰੇਲਾਂ ਚਲਾਈਆਂ ਗਈਆਂ। ਜ਼ਿਲ੍ਹਾ ਲੁਧਿਆਣਾ ਤੋਂ 7.30 ਲੱਖ ਤੋਂ ਵਧੇਰੇ ਪ੍ਰਵਾਸੀ ਲੋਕਾਂ ਵੱਲੋਂ ਆਪਣੇ ਸੂਬੇ ਨੂੰ ਜਾਣ ਲਈ ਆਨਲਾਈਨ ਅਪਲਾਈ ਕੀਤਾ ਹੋਇਆ ਹੈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਗਲੇ ਦਿਨਾਂ ਦੌਰਾਨ ਰੇਲਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨਾਂ ਲੋਕਾਂ ਨੂੰ ਬੱਸਾਂ ਰਾਹੀਂ ਭੇਜਣ ਲਈ ਵੀ ਸੰਬੰਧਤ ਰਾਜ ਸਰਕਾਰਾਂ ਨਾਲ ਗੱਲਬਾਤ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਕੰਮ ਵਿੱਚ ਬਹੁਤ ਪਾਰਦਰਸ਼ਤਾ ਰੱਖੀ ਜਾ ਰਹੀ ਹੈ। ਅੱਜ ਲੋਕਾਂ ਨੂੰ ਗੁੰਮਰਾਹ ਕਰਕੇ ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ਵਿੱਚ ਗੁਰੂ ਨਾਨਕ ਸਟੇਡੀਅਮ ਦੇ ਬਾਹਰੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨਾਂ ਖ਼ਿਲਾਫ ਪੁਲਿਸ ਕਾਰਵਾਈ ਕੀਤੀ ਜਾਵੇਗੀ। ਯਾਤਰੀਆਂ ਨੂੰ ਦਿੱਤੀ ਜਾਂਦੀ ਮੈਡੀਕਲ ਸਲਿੱਪ 'ਤੇ ਬਾਰਕੋਡ ਲਗਾਇਆ ਜਾ ਰਿਹਾ ਹੈ। ਯਾਤਰੀਆਂ ਦੀ ਜਦੋਂ ਗੁਰੂ ਨਾਨਕ ਸਟੇਡੀਅਮ ਵਿਖੇ ਸਕਰੀਨਿੰਗ ਹੁੰਦੀ ਹੈ ਅਤੇ ਟਿਕਟ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਦਾ ਬਾਰਕੋਡ ਸਕੈਨ ਕੀਤਾ ਜਾਂਦਾ ਹੈ।
ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਗਲਤ ਪ੍ਰਚਾਰ 'ਤੇ ਵਿਸ਼ਵਾਸ਼ ਨਾ ਕਰਨ। ਉਨ੍ਹਾਂ ਦੱਸਿਆ ਕਿ ਅੱਜ ਕੱਲ ਕੁਝ ਸ਼ਰਾਰਤੀ ਲੋਕ ਸ਼ੋਸ਼ਲ ਮੀਡੀਆ 'ਤੇ ਹੋਰ ਜ਼ਿਲ੍ਹਿਆਂ ਵਿੱਚ ਜਾਰੀ ਸਰਕਾਰੀ ਹੁਕਮਾਂ ਨੂੰ ਇਧਰ ਓਧਰ ਭੇਜਦੇ ਰਹਿੰਦੇ ਹਨ, ਜਿਸ ਨਾਲ ਲੋਕਾਂ ਦੇ ਮਨਾਂ ਵਿੱਚ ਨਵੇਂ-ਨਵੇਂ ਸਵਾਲ ਪੈਦਾ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਖ਼ਤਾ ਜਾਣਕਾਰੀ ਹਾਸਿਲ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਦੀ ਵੈੱਬਸਾਈਟ www.ludhiana.nic.in 'ਤੇ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਟਵਿੱਟਰ ਹੈਂਡਲ @LudhianaDpro ਅਤੇ ਫੇਸਬੁੱਕ ਪੇਜ਼ https://www.facebook.com/dproludhianapage/ 'ਤੇ ਹੀ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਰੈੱਡ ਜ਼ੋਨ ਵਿੱਚ ਹੋਣ ਕਾਰਨ ਜ਼ਿਲ੍ਹਾ ਲੁਧਿਆਣਾ ਵਿੱਚ ਕੁਝ ਢਿੱਲਾਂ ਦਿੱਤੀਆਂ ਨਹੀਂ ਜਾ ਸਕਦੀਆਂ, ਜੋ ਕਿ ਹੋਰ ਜ਼ਿਲ੍ਹਿਆਂ ਵਿੱਚ ਦਿੱਤੀਆਂ ਜਾ ਰਹੀਆਂ ਹਨ।
ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਪ੍ਰਵਾਨਗੀ ਪ੍ਰਾਪਤ ਦੁਕਾਨਾਂ ਲਈ ਕਾਊਂਟਰ ਸੇਲ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ਸ਼ਾਮ 6 ਵਜੇ ਤੱਕ ਖੁੱਲ• ਸਕਦੇ ਹਨ। ਰੈਸਤਰਾਂ ਆਦਿ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਮ ਡਲਿਵਰੀ ਕਰ ਸਕਦੇ ਹਨ। ਸ੍ਰੀ ਅਗਰਵਾਲ ਨੇ ਪਿਛਲੇ ਕਈ ਦਿਨਾਂ ਤੋਂ ਕੋਵਿਡ 19 ਦੀ ਡਿਊਟੀ ਨਿਭਾਉਣ ਲੱਗੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਧਿਰਾਂ ਦਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਕੰਵਲ ਪ੍ਰੀਤ ਕੌਰ ਬਰਾੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।