ਦਿਨੇਸ਼
ਗੁਰਦਾਸਪੁਰ 04 ਮਈ 2020- ਸੋਮਵਾਰ ਨੂੰ ਗੁਰਦਾਸਪੁਰ ਵਿਖੇ 6 ਨਵੇਂ ਕੋਰੋਨਾ ਪੀੜਿਤ ਮਰੀਜ਼ ਸਾਹਮਣੇ ਆਏ ਹਨ। ਜਿਸ ਦੀ ਤਸਦੀਕ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਖੇ ਮੌਜੂਦਾ ਕੋਰੋਨਾ ਪੀੜਤਾਂ ਦੀ ਤਾਦਾਦ ਵੱਧ ਕੇ 34 ਹੋ ਚੁੱਕੀ ਹੈ। ਜਦੋਂ ਕਿ ਕੋਰੋਨਾ ਦਾ ਸ਼ਿਕਾਰ ਇੱਕ ਬਜ਼ੁਰਗ ਪਹਿਲਾਂ ਸਵਾਸ ਤਿਆਗ ਚੁਕਾ ਹੈ ਅਤੇ ਇੱਕ ਬਜ਼ੁਰਗ ਮਰੀਜ਼ ਮੁਹਾਲੀ ਵਿਖੇ ਇਲਾਜ ਦੌਰਾਨ ਕੋਰੋਨਾ ਪੀੜਿਤ ਪਾਇਆ ਜਾ ਚੁੱਕਾ ਹੈ।
ਪਾਜ਼ਿਟਿਵ ਪਾਏ ਗਏ ਇਹਨਾਂ ਮਰੀਜ਼ਾਂ 'ਚ ਡੇਰਾ ਬਾਬਾ ਨਾਨਕ, ਕਲਾਨੌਰ, ਕਾਹਨੂੰਵਾਨ ਅਤੇ ਕਾਦੀਆਂ ਹਲਕਿਆਂ ਦੇ ਲੋਕ ਸ਼ਾਮਿਲ ਹਨ। ਜਦੋਂ ਕਿ ਐੱਸ.ਐਮ.ਓ ਬਟਾਲਾ ਸੰਜੀਵ ਭੱਲਾ ਕੋਲੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਮੁਤਾਬਿਕਕ ਹੁਣ ਤੱਕ ਬਟਾਲਾ ਵਿਖੇ ਕੋਈ ਵੀ ਵਿਅਕਤੀ ਕੋਰੋਨਾ ਪਾਜ਼ਿਟਿਵ ਨਹੀਂ ਪਾਇਆ ਗਿਆ।
ਵਰਤਮਾਨ ਜਾਣਕਾਰੀ ਦੇ ਮੁਤਾਬਿਕ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੁਣ ਤੱਕ ਪੀੜਿਤ ਪਾਏ ਗਏ ਸਾਰੇ ਮਰੀਜ਼ ਸਰੀਰਕ ਰੂਪ ਵਿੱਚ ਮਜ਼ਬੂਤ ਹਨ ਅਤੇ ਉਨ੍ਹਾਂ ਦੇ ਅੰਦਰ ਕੋਰੋਨਾ ਬਿਮਾਰੀ ਨਾਲ ਸਬੰਧਿਤ ਲੱਛਣ ਵੀ ਨਜ਼ਰ ਨਹੀਂ ਆ ਰਹੇ। ਪਰ ਇਹਨਾਂ ਸਾਰਿਆਂ ਦੇ ਕੋਰੋਨਾ ਟੈੱਸਟ ਪਾਜਿਟਿਵ ਪਾਏ ਜਾਣ ਮਗਰੋਂ ਇਹਨਾਂ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਵਿਖੇ ਰੱਖਿਆ ਗਿਆ ਹੈ ਅਤੇ ਇਹਨਾਂ ਮਰੀਜ਼ਾਂ ਦੇ ਜਲਦ ਠੀਕ ਹੋਣ ਦੀ ਪੂਰੀ ਉਮੀਦ ਹੈ।
ਇੱਥੇ ਜ਼ਿਲ੍ਹਾ ਵਾਸੀਆਂ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਹੀ ਮੌਕਾ ਸਾਂਭਦਿਆਂ ਹੋਇਆਂ ਹਜ਼ੂਰ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਨੂੰ ਇਕਾਂਤ ਵਾਸ ਵਿੱਚ ਰੱਖ ਦਿੱਤਾ ਗਿਆ ਸੀ ਅਤੇ ਇਸ ਕਾਰਨ ਉਹ ਕਿਸੇ ਵੀ ਸਥਾਨਕ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆ ਸਕੇ। ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਰਤਦਿਆਂ ਹੋਇਆਂ ਉਹ ਸਾਰੇ ਇਲਾਕੇ ਪੂਰੀ ਤਰਾਂ ਨਾਲ ਸੀਲ ਕਰ ਦਿੱਤੇ ਗਏ ਹਨ। ਜਿਨ੍ਹਾਂ ਇਲਾਕਿਆਂ ਵਿਖੇ ਕੋਰੋਨਾ ਪੀੜਿਤ ਮਰੀਜ਼ ਸਾਹਮਣੇ ਆ ਚੁੱਕੇ ਹਨ।
ਇਸ ਦੇ ਨਾਲ ਹੀ ਹੁਣ ਤੱਕ ਪੀੜਿਤ ਪਾਏ ਗਏ ਸਾਰੇ ਸ਼ਰਧਾਲੂ ਜਾਂ ਤਾਂ ਹਜ਼ੁਰ ਸਾਹਿਬ ਤੋਂ ਪਰਤੇ ਸਨ ਜਾਂ ਫਿਰ ਕਿਸੇ ਨਾ ਕਿਸੇ ਕਾਰਨ ਬਾਹਰੀ ਜ਼ਿਲ੍ਹਿਆਂ ਵਿਖੇ ਹੋਣ ਕਾਰਨ ਪੀੜਿਤ ਪਾਏ ਗਏ ਹਨ। ਜਦੋਂ ਕਿ ਲਾਕਡਾਊਨ ਦੌਰਾਨ ਜ਼ਿਲ੍ਹੇ ਦੇ ਅੰਦਰ ਰਹਿਣ ਵਾਲਾ ਹਰੇਕ ਵਿਅਕਤੀ ਹੁਣ ਤੱਕ ਕੋਰੋਨਾ ਬਿਮਾਰੀ ਤੋਂ ਸੁਰੱਖਿਅਤ ਹੈ।
ਉਥੇ ਹੀ ਦੂਜੇ ਪਾਸੇ ਜੇਕਰ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਗੱਲ ਕੀਤੀ ਜਾਵੇ ਤਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਕਾਂਤਵਾਸ ਵਿੱਚ ਰੱਖੇ ਗਏ ਸਾਰੇ ਸ਼ਰਧਾਲੂਆਂ ਦੇ ਕੋਰੋਨਾ ਸੈਂਪਲ ਲੈ ਲਏ ਗਏ ਹਨ। ਪਰ ਹੁਣ ਤੱਕ ਸਾਰਿਆਂ ਦੀ ਸੈਂਪਲ ਰਿਪੋਰਟ ਨਹੀਂ ਆ ਸਕੀ। ਇਸ ਲਈ ਆਉਂਦੇ ਸਮੇਂ ਦੌਰਾਨ ਕੋਰੋਨਾ ਪੀੜਿਤਾਂ ਦੀ ਤਾਦਾਅਦ ਵਿੱਚ ਇਜ਼ਾਫਾ ਹੋਣ ਦੀ ਸੰਭਾਵਨਾ ਹੈ।