ਜੀ ਐਸ ਪੰਨੂ
ਪਟਿਆਲਾ, 8 ਮਈ 2020 - ਪਟਿਆਲਾ ਜ਼ਿਲ੍ਹੇ ਵਿਚ 2 ਨਵੇਂ ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਅਤੇ ਦੱਸਿਆ ਕਿ ਲੈਬ ਵਿਚ ਭੇਜੇ ਗਏ ਸੈਂਪਲਾ ਵਿਚੋ 148 ਸੈਂਪਲਾ ਦੀ ਪ੍ਰਾਪਤ ਹੋਈਆਂ ਰਿਪੋਰਟਾ ਵਿਚੋਂ 146 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ ਅਤੇ ਦੋ ਕੋਵਿਡ ਪਾਜ਼ੀਟਿਵ ਆਏ ਹਨ। ਉਹਨਾਂ ਦੱਸਿਆਂ ਕਿ ਪਿੰਡ ਧਨੇਠਾ ਦਾ ਰਹਿਣ ਵਾਲਾ 50 ਸਾਲਾ ਵਿਅਕਤੀ ਜੋਕਿ ਸ਼ੀ੍ ਨੰਦੇੜ ਸਾਹਿਬ ਤੋਂ ਆਇਆ ਸਰਧਾਲੂ ਹੈ, ਜੋ ਕਿ ਪਹਿਲਾ ਜਾਂਚ ਦੌਰਾਨ ਨੈਗੇਟਿਵ ਪਾਇਆ ਗਿਆ ਸੀ ਪ੍ਰੰਤੂ ਉਸ ਵਿਚ ਮੁੜ ਕੋਰੋਨਾ ਦੇ ਲੱਛਣ ਹੋਣ ਤੇਂ ਦੁਬਾਰਾ ਕੋਵਿਡ ਟੈਸਟ ਲਿਆ ਗਿਆ ਸੀ ਜੋ ਕਿ ਕੋਵਿਡ ਪਾਜ਼ੀਟਿਵ ਪਾਇਆ ਗਿਆ ਹੈ।
ਇਸੇ ਤਰ੍ਹਾਂ ਰਾਜਪੁਰਾ ਤੋਂ ਗੁਲਾਬ ਨਗਰ ਵਿਚ ਰਹਿਣ ਵਾਲੀ 22 ਸਾਲਾ ਔਰਤ ਜੋ ਕਿ ਪਹਿਲਾ ਹੀ ਘਰ ਵਿਚ ਕੰਮ ਕਰਨ ਵਾਲੀ ਪਾਜ਼ੀਟਿਵ ਔਰਤ ਦੇ ਨੇੜੇ ਦੇ ਸੰਪਰਕ ਵਿਚ ਸੀ, ਵੀ ਪਾਜ਼ੀਟਿਵ ਪਾਈ ਗਈ ਹੈ , ਪਾਜ਼ੀਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾਇਆਂ ਅਤੇ ਪਾਜ਼ੀਟਿਵ ਵਿਅਕਤੀਆਂ ਦੇ ਘਰਾਂ ਅਤੇ ਆਲੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਕਰਵਾਇਆ ਜਾਵੇਗਾ।
ਉਹਨਾਂ ਦੱਸਿਆਂ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ 69 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ ਜਿਹਨਾਂ ਵਿਚ ਅੱਜ 23 ਨੰਬਰ ਫਾਟਕ ਦੇ ਨਜਦੀਕ ਸਰਕਾਰੀ ਸਕੂਲ ਵਿਚ ਬਾਹਰੀ ਰਾਜਾਂ ਤੋਂ ਆਈ ਕੁਆਰਨਟੀਨ ਕੀਤੀ ਲੇਬਰ ਦੇ 22 ਸੈਂਪਲ ਵੀ ਸ਼ਾਮਲ ਹਨ। ਜਿਹਨਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ। ਡਾ. ਮਲਹੋਤਰਾ ਨੇਂ ਦੱਸਿਆ ਕਿ ਗੁਰਦਾਸਪੁਰ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਪਟਿਆਲਾ ਸੈਂਟਰਲ ਜ਼ੇਲ੍ਹ ਦੇ ਕੈਦੀ ਗੈਂਗਸਟਰ ਭਗਵਾਨ ਪੁਰੀਆ ਦੀ 2 ਰਿਪੋਰਟ ਕੋਵਿਡ ਨੈਗੇਟਿਵ ਆਈਆ ਸਨ ਇਸ ਲਈ ਉਸ ਨੂੰ ਰਾਜਿੰਦਰਾ ਹਸਪਤਾਲ ਤੋਂ ਕੇਂਦਰੀ ਜ਼ੇਲ੍ਹ ਪਟਿਆਲਾ ਵਿਖੇ ਸ਼ਿਫਟ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀ, ਵਾਰ ਵਾਰ ਹੱਥਾਂ ਨੂੰ ਸਾਬਣ ਅਤੇ ਸਾਫ ਪਾਣੀ ਨਾਲ ਧੋਣਾ, ਜਨਤਕ ਥਾਵਾਂ ਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ, ਘਰਾਂ ਵਿੱਚ ਹੀ ਰਹਿਣਾ ਆਦਿ ਵਰਗੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਸ ਤਰ੍ਹਾਂ ਹੀ ਡੇਂਗੂ ਮਲੇਰੀਆਂ ਅਤੇ ਚਿਕਨਗੁਨੀਆਂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਤਾਂ ਜ਼ੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਕਾਰਵਾਈ ਕਰਦੇ ਹੋਏ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 12238 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 11 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਸਬੰਧਿਤ ਚ ਦੁਬਾਰਾ ਲਾਰਵਾ ਮਿਲਣ ਤੇਂ ਚਲਾਨ ਕੱਟਣ ਦੀ ਚੇਤਾਵਨੀ ਦਿਤੀ ਗਈ । ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1543 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ 101 ਕੋਵਿਡ ਪਾਜ਼ੀਟਿਵ ਜੋ ਕਿ ਜ਼ਿਲਾ ਪਟਿਆਲਾ ਨਾਲ ਸਬੰਧਤ ਹਨ, 1362 ਨੈਗਟਿਵ ਅਤੇ 80 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਉਹਨਾਂ ਕਿਹਾ ਕਿ ਇਸ ਸਮੇਂ ਐਕਟਿਵ ਕੇਸ 85 ਹਨ।