ਚੋਣ ਪ੍ਰਚਾਰ ਖ਼ਤਮ ਹੁੰਦਿਆਂ ਹੀ ਸ਼ਰਾਬ ਦੇ ਠੇਕੇ ਸੀਲ
- ਜ਼ਿਲੇ ਅੰਦਰ ਹੋਟਲ, ਬਾਰਾਂ ਅਤੇ ਪੈਲਸਾਂ ਆਦਿ ਵਿੱਚ ਸ਼ਰਾਬ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਲਾਗੂ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 30 ਮਈ 2024: ਲੋਕ ਸਭਾ ਚੋਣਾਂ 2024 ਦੇ ਆਖਰੀ ਪੜਾਅ ਦਾ ਚੋਣ ਪ੍ਰਚਾਰ ਸ਼ਾਮੀ 5 ਵਜੇ ਸਮਾਪਤ ਹੋ ਗਿਆ ਹੈ। ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਦੇ ਰੂਪਨਗਰ ਸ਼ਹਿਰ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਅੰਦਰ ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਦੀ ਵਰਤੋਂ ਉਤੇ 1 ਜੂਨ ਸ਼ਾਮ 5 ਵਜੇ ਤੱਕ ਮੁਕੰਮਲ ਪਾਬੰਦੀ ਲਾਗੂ ਰਹੇਗੀ। ਜ਼ਿਲ੍ਹਾ ਰੂਪਨਗਰ ਦੇ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਜ਼ਿਲੇ ਦੇ ਸਾਰੇ ਹੀ ਸ਼ਰਾਬ ਦੇ ਠੇਕੇ, ਅਹਾਤਿਆਂ, ਹੋਟਲ, ਬਾਰ ਆਦਿ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤੇ ਹਨ ਅਤੇ ਹੋਟਲਾਂ , ਰੈਸਟੋਰੈਂਟ ਆਦਿ ਵਿੱਚ ਕਿਸੇ ਵੀ ਤਰੀਕੇ ਨਾਲ ਸ਼ਰਾਬ ਵਰਤਾਉਣ ਅਤੇ ਪਿਲਾਉਣ ਉਤੇ ਮੁਕੰਮਲ ਮਨਾਹੀ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ । ਇਸ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟ ਅਤੇ ਪੈਲਸਾਂ ਆਦਿ ਵਿੱਚ ਅਗਲੇ 72 ਘੰਟਿਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਸਮਾਗਮਾਂ ਅਤੇ ਪਾਰਟੀ ਆਦਿ ਦੀ ਜਾਣਕਾਰੀ ਦੇਣ ਲਈ ਸਬੰਧਤ ਅਦਾਰਿਆਂ ਦੇ ਮਾਲਕਾਂ/ਪ੍ਰਬੰਧਕਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।