ਸੰਜੀਵ ਸੂਦ
ਲੁਧਿਆਣਾ, 22 ਮਾਰਚ 2020 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਵੇਂ ਅੱਜ ਜਨਤਾ ਕਰਫਿਊ ਦਾ ਸੱਦਾ ਦਿੱਤਾ ਗਿਆ ਸੀ, ਪਰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸਵੇਰ ਦੀਆਂ ਅੱਧਾ ਦਰਜਨ ਟਰੇਨਾਂ ਆ ਚੁੱਕੀਆਂ ਨੇ ਅਤੇ ਕਈ ਯਾਤਰੀ ਵੀ ਸਟੇਸ਼ਨ 'ਤੇ ਉੱਤਰੇ ਹਨ। ਹਾਲਾਂਕਿ ਇਹ ਉਹ ਟਰੇਨਾਂ ਹਨ ਜੋ ਲੰਮੇ ਰੂਟ ਤੋਂ ਦੂਜੇ ਸੂਬਿਆਂ ਤੋਂ ਚੱਲ ਕੇ ਆਈਆਂ ਹਨ।
ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਜਨਤਾ ਕਰਫਿਊ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਵਿਖਾਈ ਦਿੱਤੀ। ਪਰ ਹੋਰਨਾਂ ਸੂਬਿਆਂ ਤੋਂ ਆਈਆਂ ਟ੍ਰੇਨਾਂ ਜ਼ਰੂਰ ਲੁਧਿਆਣਾ ਸਟੇਸ਼ਨ 'ਤੇ ਰੁਕੀਆਂ ਇਸ ਦੌਰਾਨ ਕਈ ਯਾਤਰੀ ਵੀ ਸਟੇਸ਼ਨ 'ਤੇ ਉੱਤਰੇ। ਇਸ ਸਬੰਧੀ ਜਦੋਂ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਜਸਕਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਲੰਮੇ ਰੂਟਾਂ ਦੀਆਂ ਟਰੇਨਾਂ ਨੇ ਜੋ ਸਵਾਰੀਆਂ ਇਨ੍ਹਾਂ ਟਰੇਨਾਂ ਰਾਹੀਂ ਲੁਧਿਆਣਾ ਸਟੇਸ਼ਨ ਤੇ ਉੱਤਰੀਆਂ ਨੇ ਉਨ੍ਹਾਂ ਨੂੰ ਜਾਂ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਾਲ ਲੈ ਕੇ ਜਾ ਰਹੇ ਹਨ ਜਾਂ ਫਿਰ ਕੁੱਝ ਲੋਕਾਂ ਨੂੰ ਬਾਹਰ ਬੈਠ ਕੇ ਉਡੀਕ ਕਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ ਵਿੱਚ ਹੀ ਰਹਿਣ।