ਹਰਦਮ ਮਾਨ
ਸਰੀ, 6 ਅਪ੍ਰੈਲ 2020 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੋਰੋਨਾਵਾਇਰਸ ਬਾਰੇ ਅਪਡੇਟ ਦੌਰਾਨ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਵਲੰਟੀਅਰਾਂ ਨੂੰ ਫਰੰਟਲਾਈਨ ਹੈਲਥ-ਕੇਅਰ ਵਰਕਰਾਂ ਦਾ ਸਮਰਥਨ ਕਰਨ ਲਈ ਬੁਲਾਇਆ ਜਾਵੇਗਾ ਅਤੇ ਕੈਨੇਡੀਅਨ ਫੋਰਸ ਰਿਜ਼ਰਵਿਸਟਾਂ ਨੂੰ ਫੁੱਲ ਟਾਈਮ ਨੌਕਰੀ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੈਲਥ ਕੈਨੇਡਾ ਵਿਸ਼ੇਸ਼ ਵਰਕ ਵਾਲੰਟੀਅਰਾਂ ਦੀ ਇਕ ਟੀਮ ਬਣਾਏਗਾ ਇਸ ਵਿਚ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਹ ਵਾਲੰਟੀਅਰ ਕੋਵਿਡ-19 ਕੇਸਾਂ ਦਾ ਪਤਾ ਲਾਉਣ ਅਤੇ ਸੰਪਰਕ ਲੱਭਣ ਦੇ ਕਾਰਜ ਵਿਚ ਯੋਗਦਾਨ ਪਾਉਣਗੇ।
ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਆਰਮਡ ਫੋਰਸਿਜ਼ ਵਿਚ ਰਿਜ਼ਰਵਿਸਟਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਫੁੱਲ ਟਾਈਮ ਨੌਕਰੀਆਂ ਦੀ ਪੇਸ਼ਕਸ਼ ਕੀਤੀ ਜਾਏਗੀ, ਉਨ੍ਹਾਂ ਨੂੰ ਰੈਗੂਲਰ ਸੂਚੀ ਵਿੱਚ ਸ਼ਾਮਲ ਮੈਂਬਰਾਂ ਵਾਂਗ ਤਨਖਾਹ ਅਤੇ ਸਾਰੇ ਲਾਭ ਦਿੱਤੇ ਜਾਣਗੇ। ਇਨ੍ਹਾਂ ਵਾਲੰਟੀਅਰਾਂ ਲਈ ਅਰਜ਼ੀਆਂ 24 ਅਪ੍ਰੈਲ ਤੱਕ ਲਈਆਂ ਜਾਣਗੀਆਂ, ਜਦੋਂ ਕਿ ਸਰਕਾਰ ਵੱਲੋਂ ਦੇਸ਼ ਭਰ ਦੇ ਰਿਜ਼ਰਵਿਸਟਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਨੈਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੇ ਵੇਰਵਿਆਂ ਬਾਰੇ ਦੱਸਿਆ ਕਿ 2000 ਡਾਲਰ ਦੀ ਮਦਦ ਲਈ ਅਰਜ਼ੀਆਂ ਸੋਮਵਾਰ ਤੋਂ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਸਿੱਧੇ ਖਾਤਿਆਂ ਰਾਹੀ ਇਹ ਰਕਮ ਤਿੰਨ ਤੋਂ ਪੰਜ ਦਿਨਾਂ ਵਿਚ ਮਿਲ ਜਾਵੇਗੀ ਜਾਂ ਡਾਕ ਦੁਆਰਾ 10 ਦਿਨ ਵਿਚ।
ਉਨ੍ਹਾਂ ਇਹ ਵੀ ਦੱਸਿਆ ਕਿ 48 ਘੰਟਿਆਂ ਦੌਰਾਨ ਚੀਨ ਤੋਂ ਲੱਖਾਂ ਮੈਡੀਕਲ ਮਾਸਕ ਕੈਨੈਡਾ ਪਹੁੰਚ ਜਾਣਗੇ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com