ਹਰਦਮ ਮਾਨ
ਸਰੀ, 24 ਅਪ੍ਰੈਲ 2020 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ ਛੋਟੇ ਕਾਰੋਬਾਰੀਆਂ ਲਈ “ਕੈਨੇਡਾ ਐਮਰਜੈਂਸੀ ਕਮਰਸ਼ੀਅਲ ਰੈਂਟ ਅਸਿਸਟੈਂਟ” ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਤਹਿਤ ਸਮਾਲ ਬਿਜ਼ਨਸਮੈਨ ਆਪਣੇ ਕਿਰਾਏ ਵਿਚ 75% ਤੱਕ ਛੋਟ ਹਾਸਲ ਕਰ ਸਕਣਗੇ।
ਜਸਟਿਨ ਟਰੂਡੋ ਨੇ ਕਿਹਾ ਕਿ ਇਸ ਸਬੰਧ ਵਿਚ ਸਾਰੇ ਸੂਬਿਆਂ ਅਤੇ ਕੇਂਦਰੀ-ਸ਼ਾਸ਼ਤ ਇਲਾਕਿਆਂ ਨਾਲ ਰਾਬਤਾ ਕਾਇਮ ਕਰਨ ਉਪਰੰਤ ਪ੍ਰਭਾਵਿਤ ਹੋਏ ਛੋਟੇ ਕਾਰੋਬਾਰੀਆਂ ਨੂੰ ਮੱਦਦ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਜੋ ਛੋਟੇ ਕਾਰੋਬਾਰੀ ਕਿਰਾਏਦਾਰ 50,000 ਡਾਲਰ ਪ੍ਰਤੀ ਮਹੀਨਾ ਤੋਂ ਘੱਟ ਕਿਰਾਇਆ ਦਿੰਦੇ ਹਨ ਅਤੇ ਜਿਨ੍ਹਾਂ ਨੇ ਅਸਥਾਈ ਤੌਰ' ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਾਂ ਕੋਵਿਡ -19 ਤੋਂ ਪਹਿਲਾਂ ਦੀ ਉਨ੍ਹਾਂ ਦੀ ਆਮਦਨ ਵਿਚ ਘੱਟੋ ਘੱਟ 70 ਪ੍ਰਤੀਸ਼ਤ ਦੀ ਕਮੀ ਆਈ ਹੈ, ਉਨ੍ਹਾਂ ਨੂੰ ਅਪ੍ਰੈਲ, ਮਈ, ਜੂਨ ਤਿੰਨ ਮਹੀਨਿਆਂ ਲਈ ਕਿਰਾਇਆ ਛੋਟ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਤਹਿਤ ਕਮਰਸ਼ਲ ਪ੍ਰਾਪਰਟੀ ਮਾਲਕਾਂ ਨੂੰ 3 ਮਹੀਨਿਆਂ ਦੇ ਕਿਰਾਇਆ ਰਾਸ਼ੀ ਦੇ ਬਰਾਬਰ ਕਰਜ਼ਾ ਦਿੱਤਾ ਜਾਵੇਗਾ, ਜਿਸ ਵਿੱਚੋਂ 50% ਤੱਕ ਮੁਆਫ ਹੋਵੇਗਾ ਪਰ ਮਾਲਕ ਨੂੰ ਇਹ ਕਰਜ਼ਾ ਤਾਂ ਹੀ ਮਿਲੇਗਾ ਜੇਕਰ ਉਹ ਕਿਰਾਏਦਾਰ ਦਾ 75% ਤੱਕ ਕਿਰਾਇਆ ਮੁਆਫ ਕਰੇਗਾ।
ਟਰੂਡੋ ਨੇ ਇਹ ਵੀ ਕਿਹਾ ਕਿ ਸਮਾਲ ਬਿਜ਼ਨਸਮੈਨ ਸਾਡੇ ਸਮਾਜ, ਦੇਸ਼ ਅਤੇ ਆਰਥਿਕਤਾ ਦੀ ਰੀੜ ਦੀ ਹੱਡੀ ਹਨ। ਅਸੀਂ ਸੂਬਿਆਂ ਅਤੇ ਕੈਨੇਡੀਅਨ ਕਾਰੋਬਾਰੀਆਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਸਰਕਾਰੀ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਦੇ ਨਾਲ ਸੰਪਰਕ ਜਾਰੀ ਰੱਖਿਆ ਜਾਵੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com