ਚੰਡੀਗੜ੍ਹ, 21 ਮਾਰਚ 2020 - ਪੰਜਾਬ ਸਰਕਾਰ ਨੇ ਅੱਜ ਸਾਰੇ ਰਾਸ਼ਣ ਡਿਪੂ ਧਾਰਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਨੋਵੇਲ ਕੋਰੋਨਾਈਵਾਇਰਸ (ਕੋਵਿਡ -19) ਦੇ ਫੈਲਣ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਸਾਵਧਾਨੀਆਂ ਤੇ ਉਪਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਕਰਨ ਸਮੇਂ ਈ.ਪੀ.ਓ.ਐਸ ਮਸ਼ੀਨ ਦੀ ਵਰਤੋਂ ਨਾ ਕਰਨ ਨੂੰ ਯਕੀਨੀ ਬਣਾਉਣ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ 21 ਮਾਰਚ, 2020 ਨੂੰ “ਮਹਾਂਮਾਰੀ ਰੋਗ ਐਕਟ. 1897” (ਕਾਪੀ ਨਾਲ ਨੱਥੀ ਹੈ) ਤਹਿਤ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਕ 31 ਮਾਰਚ ਤੱਕ ਲਾਭਪਾਤਰੀਆਂ ਨੂੰ ਈ.ਪੀ.ਓ.ਐਸ ਰਾਹੀਂ ਕਣਕ ਦੀ ਵੰਡਣ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਸਾਰੇ ਡਿਪੂ ਧਾਰਕਾਂ / ਇੰਸਪੈਕਟਰਾਂ ਨੂੰ ਸਾਰੇ ਰਹਿ ਗਏ ਲਾਭਪਾਤਰੀਆਂ ਲਈ ਵੱਖਰਾ ਰਜਿਸਟਰ ਤਿਆਰ ਕਰਨ ਹੋਵੇਗਾ ਜਿਨ੍ਹਾਂ ਨੂੰ ਹਾਲੇ ਤੱਕ ਕਣਕ ਦੇ ਸਟਾਕਾਂ ਦਾ ਆਪਣਾ ਬਣਦਾ ਕੋਟਾ ਪ੍ਰਾਪਤ ਨਹੀਂ ਹੋਇਆ। ਇਸ ਤੋਂ ਇਲਾਵਾ 31 ਮਾਰਚ ਤੱਕ ਅਜਿਹੇ ਲਾਭਪਾਤਰੀਆਂ ਨੂੰ ਘਰ ਜਾ ਕੇ ਕਣਕ ਮੁਹੱਈਆ ਕਰਵਾਉਣ ਅਤੇ ਕਣਕ ਦੀ ਸੁਚੱਜੀ ਵੰਡ 'ਤੇ ਪੂਰੀ ਨਜ਼ਰ ਰੱਖਣ ਲਈ ਵੀ ਹੁਕਮ ਦਿੱਤੇ ਗਏ ਹਨ। ਲਾਭਪਾਤਰੀਆਂ ਨੂੰ ਕਣਕ ਦੀ ਵੰਡ ਦੌਰਾਨ ਨਿਗਰਾਨ ਕਮੇਟੀ ਦੇ ਮੈਂਬਰਾਂ ਦੀ ਸਰਗਰਮ ਭਾਗੀਦਾਰੀ ਨੂੰ ਵੀ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ।
ਬੁਲਾਰੇ ਨੇ ਅੱਗੇ ਕਿਹਾ ਕਿ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਵੰਡ ਦੇ ਸਮੇਂ 20 ਤੋਂ ਵੱਧ ਲੋਕ ਇਕ ਸਮੇਂ ਇਕੱਠੇ ਨਾ ਹੋਣ।