ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2020 - ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਤਬਲੀਗੀ ਜਮਾਤ ਨਾਲ ਸਬੰਧਤ ਮੁਸਲਿਮ ਲੋਕਾਂ ਅੰਦਰ ਵਾਇਰਸ ਦੇ ਲੱਛਣ ਪਾਏ ਜਾਣ ਅਤੇ ਕੁੱਝ ਦੇ ਮੌਤ ਦਾ ਸ਼ਿਕਾਰ ਹੋ ਜਾਣ ਬਾਅਦ ਇਸ ਮਾਮਲੇ ’ਚ ਫਾਸ਼ੀਵਾਦੀ ਧਿਰਾਂ ਵੱਲੋਂ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾਂ ਬਨਾਉਣ ਦਾ ਸਖਤ ਨੋਟਿਸ ਲੈਂਦਿਆਂ ਇਸ ਵਰਤਾਰੇ ਦੀ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਕਿਸੇ ਝੂਠੇ ਵੀਡੀਓ ਦਾ ਸਹਾਰਾ ਲੈ ਕੇ ਮੁਸਲਿਮ ਭਾਈਚਾਰੇ ਨੂੰ ਕੋਰੋਨਾ ਵਾਇਰਸ ਦੀ ਲਾਗ ਲਾਉਣ ਵਾਸਤੇ ਤਬਲੀਗੀ ਜਮਾਤ ਨੂੰ ਹੀ ਜ਼ਿੰਮੇਦਾਰ ਠਹਿਰਾਉਣਾ ਪੂਰੀ ਤਰਾਂ ਗੈਰਵਾਜਬ ਹੈ। ਉਨ੍ਹਾਂ ਆਖਿਆ ਕਿ ਅਜਿਹਾ ਕਰਕੇ ਇਹ ਲੋਕ ਕੇਂਦਰ ਦੀ ਮੋਦੀ ਸਰਕਾਰ, ਕੇਜਰੀਵਾਲ ਸਰਕਾਰ ਅਤੇ ਦਿੱਲੀ ਪੁਲਿਸ ਦੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ’ਚ ਰਹੀਆਂ ਗੰਭੀਰ ਕੁਤਾਹੀਆਂ ਨੂੰ ਢੱਕ ਰਹੇ ਹਨ।
ਉਨ੍ਹਾਂ ਕਿਹਾ ਕਿ ਤਬਲੀਗੀ ਜਮਾਤ ਨੂੰ ਵਾਇਰਸ ਫੈਲਾਉਣ ਲਈ ਜਿੰਮੇਵਾਰ ਦੱਸਦਿਆਂ ਇਹ ਲੁਕਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਦਿੱਲੀ ਮਜਲਿਸ ਵਿੱਚ ਨਾ ਸਿਰਫ਼ ਭਾਰਤ ਵਿੱਚੋ ਬਲਕਿ ਵਿਦੇਸ਼ਾਂ ਖਾਸ ਕਰਕੇ ਮਲੇਸ਼ੀਆ, ਇੰਡੋਨੇਸ਼ੀਆ, ਬੰਗਲਾ ਦੇਸ਼,ਸਾਊਦੀ ਅਰਬੀ ਵਿੱਚੋਂ ਹਜ਼ਾਰਾਂ ਮੁਸਲਮਾਨ ਸ਼ਾਮਲ ਹੋਏ ਸਨ ਅਤੇ ਤਦ ਤੱਕ ਪੂਰੀ ਦੁਨੀਆਂ ਅੰਦਰ ਭਿਆਨਕ ਮਹਾਂਮਾਰੀ ਫੈਲ ਚੁੱਕੀ ਸੀ। ਉਨ੍ਹਾਂ ਸਵਾਲ ਕੀਤਾ ਕਿ 13 ਮਾਰਚ ਤੋਂ 15 ਮਾਰਚ ਤੱਕ ਚੱਲੇ ਵੱਡੇ ਇਕੱਠ ਦੀ ਇਜ਼ਾਜਤ ਕਿਸਨੇ ਦਿੱਤੀ ਕੀ ਇਸ ਲਈ ਕੇਂਦਰ ਸਰਕਾਰ, ਵਿਦੇਸ਼ ਮੰਤਰਾਲਾ ਅਤੇ ਪੁਲਿਸ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਮਜਲਸ ਦੇ ਸੰਚਾਲਕਾਂ ਵੱਲੋਂ ਪੁਲਿਸ ਨੂੰ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਉੱਥੇ ਇਕੱਠੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੇ ਇੰਤਜ਼ਾਮ ਕਿਓਂ ਨਹੀਂ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਸਪਸ਼ਟ ਹੈ ਕਿ ਦਿੱਲੀ ਮਜਲਸ ਵਿੱਚ ਤਬਲੀਗੀ ਜਮਾਤ ਦਾ ਜਿਸ ਸਮੇਂ ਇਕੱਠ ਹੋਇਆ ਤਾਂ ਉਸ ਵਕਤ ਦੇਸ਼ ਦੇ ਹੋਰਨਾਂ ਧਾਰਮਿਕ ਸਥਾਨਾਂ ’ਚ ਵੀ ਹੋ ਰਹੇ ਇਕੱਠਾਂ ਨੂੰ ਪੂਰੀ ਜਿੰਮੇਵਾਰੀ ਨਾਲ ਰੋਕਿਆ ਨਹੀਂ ਗਿਆ।
ਇਨਕਲਾਬੀ ਕੇਂਦਰ ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦਾ ਟਾਕਰਾ ਸਮੁੱਚੀ ਮਾਨਵਤਾ ਵਾਸਤੇ ਚਣੌਤੀ ਹੈ। ਇਸਨੂੰ ਫ਼ਿਰਕੂ ਰੰਗਤ ਦੇਣ ਅਤੇ ਕਿਸੇ ਇੱਕ ਫਿਰਕੇ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਣ ਦਾ ਮਾਨਵਤਾ ਵਿਰੋਧੀ ਕਦਮ ਹੈ। ਇਸ ਦਾ ਮਕਸਦ ਮੁਸਲਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਲਈ ਫਿਰਕੂ ਹਜ਼ੂਮਾਂ ਨੂੰ ਉਤਸ਼ਾਹਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਮੋਦੀ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਫਰੰਟ ਉੱਤੇ ਲੜ ਰਹੇ ਡਾਕਟਰਾਂ, ਹੋਰ ਸਿਹਤ ਅਤੇ ਸਫਾਈ ਕਾਮਿਆਂ ਨੂੰ ਲੋੜੀਂਦੇ ਸਾਜੋਸਮਾਨ ਨਾਲ ਲੈਸ ਕਰਨਾ ਅਤੇ ਆਪਣਾ ਰੁਜ਼ਗਾਰ ਗਵਾ ਚੁੱਕੇ ਕਾਮਿਆਂ ਤੇ ਗਰੀਬਾਂ ਲਈ ਸਹੂਲਤਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ।