ਘਰੋਂ ਚੁੱਕ ਕੇ ਕਰਫਿਊ ਦੀ ਉਲੰਘਣਾ ਦਾ ਕੀਤਾ ਪਰਚਾ, ਹੋਏ ਜਾਂਚ ਦੇ ਹੁਕਮ
ਨਵਾਂਸ਼ਹਿਰ, 24 ਅਪ੍ਰੈਲ, 2020 : ਨਵਾਂ ਸ਼ਹਿਰ ਦੇ ਐਸ ਐਸ ਪੀ ਅਲਕਾ ਮੀਣਾ ਨੇ ਇਕ ਏ ਐਸ ਆਈ ਵੱਲੋਂ ਇਕ ਵਿਅਕਤੀ ਨੂੰ ਘਰੋਂ ਚੁੱਕ ਕੇ ਉਸ 'ਤੇ ਕਰਫਿਊ ਦੀ ਉਲੰਘਣਾ ਕਰਨ ਦਾ ਕੇਸ ਦਰਜ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਮਾਜਿਕ ਕਾਰਕੁੰਨ ਪਰਵਿੰਦਰ ਕਿੱਤਣਾ ਦੇ ਦੱਸਣ ਮੁਤਾਬਕ ਕਰਮਜੀਤ ਸਿੰਘ ਨਾਂ ਦੇ ਏ ਐਸ ਆਈ ਵੱਲੋਂ ਕੀਤੇ ਇਸ ਪਰਚੇ ਦੇ ਮਾਮਲੇ ਦੀ ਜਾਂਚ ਐਸ ਪੀ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਗਈ ਹੈ।
ਇਸ ਦੌਰਾਨ ਕਿੱਤਣਾ ਤੇ ਸਾਥੀਆਂ ਵੱਲੋਂ ਇਸ ਮਾਮਲੇ ਵਿਚ ਮੁੱਖ ਮੰਤਰੀ ਨੂੰ ਵੀ ਪੱਤਰ ਲਿਖਿਆ ਗਿਆ ਹੈ ਤੇ ਏ ਐਸ ਆਈ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸੇਵਾ ਵਿਖੇ
1. ਕੈਪਟਨ ਅਮਰਿੰਦਰ ਸਿੰਘ ਜੀ,
ਮਾਨਯੋਗ ਮੁੱਖ ਮੰਤਰੀ ਪੰਜਾਬ ,
ਚੰਡੀਗੜ੍ਹ ।
2. ਮਾਨਯੋਗ ਡੀ.ਜੀ.ਪੀ. ,
ਪੰਜਾਬ ਪੁਲਿਸ ,
ਚੰਡੀਗੜ੍ਹ ।
3. ਮਾਨਯੋਗ ਐੱਸ. ਐੱਸ.ਪੀ.,
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ,
ਨਵਾਂਸ਼ਹਿਰ ।
ਵਿਸ਼ਾ : ਇਕ ਵਿਅਕਤੀ ਨੂੰ ਘਰੋਂ ਲਿਜਾ ਕੇ ਉਸ 'ਤੇ ਕਰਫਿਊ ਦੀ ਉਲੰਘਣਾ ਕਰਨ ਦਾ ਝੂਠਾ ਕੇਸ ਪਾਉਣ ਵਾਲੇ ਏ.ਐੱਸ.ਆਈ. ਕਰਮਜੀਤ ਸਿੰਘ ਪੁਲਸ ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਤੇ ਮੁਕੱਦਮਾ ਦਰਜ ਕਰਨ ਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ।
ਸ੍ਰੀਮਾਨ /ਮੈਡਮ ਜੀ
ਆਪ ਜਾਣਦੇ ਹੋ ਕਿ ਕੋਰੋਨਾ ਮਹਾਂਮਾਰੀ ਰੋਕਣ ਲਈ ਜ਼ਿਲ੍ਹਾ ਸ਼ਹੀਦ ਸਿੰਘ ਭਗਤ ਸਿੰਘ ਨਗਰ ਦੇ ਪ੍ਰਸ਼ਾਸ਼ਨ, ਪੁਲਿਸ, ਹੋਰ ਸਰਕਾਰੀ ਵਿਭਾਗਾਂ ਅਤੇ ਸਮਾਜ ਸੇਵੀ ਸੰਸਥਾਵਾਂ /ਵਿਅਕਤੀਆਂ ਵੱਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ, ਜਿਸ ਦੀ ਪੂਰੇ ਸੰਸਾਰ ਵਿੱਚ ਪ੍ਰਸ਼ੰਸਾ ਹੋ ਰਹੀ ਹੈ । ਲੇਕਿਨ ਅਜਿਹੇ ਸਮੇਂ ਵਿੱਚ ਵੀ ਕੁਝ ਵਿਅਕਤੀਆਂ ਨੇ ਆਪਣੇ ਨਿੱਜੀ ਸੁਆਰਥ, ਲਾਲਚ ਤੇ ਬਦਲਾ ਲਊ ਭਾਵਨਾ ਕਾਰਨ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਨੂੰ ਸ਼ਰਮਸਾਰ ਕੀਤਾ ਹੈ ।
ਪੁਲਿਸ ਥਾਣਾ ਰਾਹੋਂ ਵਿਖੇ ਤਾਇਨਾਤ ਏ. ਐੱਸ.ਆਈ. ਕਰਮਜੀਤ ਸਿੰਘ ਆਪਣੇ ਇੱਕ ਸਹਿਯੋਗੀ ਕਰਮਚਾਰੀ ਨਾਲ ਮਿਤੀ 6 ਅਪਰੈਲ 2020 ਨੂੰ ਪਿੰਡ ਉਸਮਾਨਪੁਰ ਵਿਖੇ ਇੱਕ ਵਿਅਕਤੀ ਪਰਮਜੀਤ ਸਿੰਘ (ਉਮਰ 50 ਸਾਲ) ਦੇ ਘਰ ਜਾਂਦਾ ਹੈ ਤੇ ਉਸ ਨੂੰ ਆਪਣੇ ਨਾਲ ਥਾਣਾ ਰਾਹੋਂ ਵਿਖੇ ਲੈ ਕੇ ਆਉਂਦਾ ਹੈ । ਥਾਣੇ 'ਚ ਇਹ ਏ.ਐੱਸ.ਆਈ. ਪਰਮਜੀਤ ਸਿੰਘ ਨੂੰ ਕਹਿੰਦਾ ਹੈ ਕਿ ਜੇਕਰ ਉਹ ਦਸ ਹਜ਼ਾਰ ਰੁਪਏ ਦੇ ਦੇਵੇਗਾ ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ ਨਹੀਂ ਤਾਂ ਉਸ 'ਤੇ ਕੇਸ ਦਰਜ ਕਰ ਦਿੱਤਾ ਜਾਵੇਗਾ । ਪਰਮਜੀਤ ਸਿੰਘ ਇਨ੍ਹਾਂ ਨੂੰ ਕਹਿੰਦਾ ਹੈ ਕਿ ਅਸੀਂ ਸਾਧਾਰਨ ਗਰੀਬ ਆਦਮੀ ਹਾਂ ਇੰਨੇ ਪੈਸੇ ਨਹੀਂ ਦੇ ਸਕਦੇ । ਕਾਫ਼ੀ ਦਬਾਅ ਪਾਉਣ ਦੇ ਬਾਵਜੂਦ ਜਦੋਂ ਪਰਮਜੀਤ ਸਿੰਘ ਦਸ ਹਜ਼ਾਰ ਪਏ ਦੇਣ ਨੂੰ ਤਿਆਰ ਨਾ ਹੋਇਆ ਤਾਂ ਇਨ੍ਹਾਂ ਨੇ ਉਸ 'ਤੇ ਧਾਰਾ 188, 269 ਅਤੇ 270 ਆਈ.ਪੀ. ਸੀ. ਤਹਿਤ ਕਰਫਿਊ ਦੀ ਉਲੰਘਣਾ ਕਰਨ ਦਾ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਅਤੇ ਉਸ ਨੂੰ ਜ਼ਮਾਨਤ 'ਤੇ ਹੀ ਰਿਹਾਅ ਕੀਤਾ।
ਇਸ ਤਰ੍ਹਾਂ ਏ. ਐੱਸ.ਆਈ. ਕਰਮਜੀਤ ਸਿੰਘ ਨੇ ਮੁੱਖ ਤੌਰ 'ਤੇ ਹੇਠ ਲਿਖੇ ਜੁਰਮ ਕੀਤੇ ਹਨ :
1. ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ।
2. ਪਰਮਜੀਤ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਲਿਆ ਤੇ ਉਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ।
3. ਆਪਣੀ ਡਿਊਟੀ ਨਿਭਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ ।
4. ਨਿੱਜੀ ਫਾਇਦਾ ਲੈਣ ਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਸਰਕਾਰੀ ਰਿਕਾਰਡ ਵਿੱਚ ਗਲਤ ਇੰਦਰਾਜ ਕੀਤਾ ।
5. ਆਪਣੇ ਸੀਨੀਅਰ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ।
ਇਸ ਲਈ ਕਿਰਪਾ ਕਰਕੇ ਉਕਤ ਏ.ਐੱਸ.ਆਈ. ਕਰਮਜੀਤ ਸਿੰਘ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਹੋਰ ਕਾਰਵਾਈ ਲਈ ਉਸ 'ਤੇ ਮੁਕੱਦਮਾ ਦਰਜ ਕੀਤਾ ਜਾਵੇ।