ਰਾਜਵੰਤ ਸਿੰਘ
- ਥਾਣਾ ਸਦਰ ਵਿਖੇ ਫਰਾਰ ਵਿਅਕਤੀ, ਦੋ ਸਬ ਥਾਣੇਦਾਰਾਂ ਤੇ ਦੋ ਹੋਮਗਾਰਡ ਜਵਾਨਾਂ ’ਤੇ ਮਾਮਲਾ ਦਰਜ
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ 2020 - ਕੋਰੋਨਾ ਪਾਜ਼ੀਟਿਵ ਆਉਣ ’ਤੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਅਧੀਨ ਇੱਕ ਕਥਿਤ ਦੋਸ਼ੀ ਦੇ ਭੱਜ ਜਾਣ ਉਪਰੰਤ ਸਥਾਨਕ ਥਾਣਾ ਸਦਰ ਪੁਲਿਸ ਨੇ ਕਥਿਤ ਦੋਸ਼ੀ ਤੋਂ ਇਲਾਵਾ ਦੋ ਸਬ ਥਾਣੇਦਾਰਾਂ ਅਤੇ ਦੋ ਹੋਮਗਾਰਡ ਜਵਾਨਾਂ ’ਤੇ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਅਧੀਨ ਸੀ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਵਾਰਡ ਅਟੇਂਡੈਂਟ ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਰਾਣੀਵਾਲਾ ਨੇ ਦੱਸਿਆ ਕਿ 8 ਅਕਤੂਬਰ ਨੂੰ ਜਦੋਂ ਉਹ ਕੋਰੋਨਾ ਮਰੀਜ਼ਾਂ ਦੇ ਕਮਰੇ ਵਿੱਚ ਚਾਹ ਦੇਣ ਲਈ ਗਿਆ ਤਾਂ ਉਸਨੇ ਦੇਖਿਆ ਕਿ ਦੋ ਹੋਰ ਵਿਅਕਤੀ ਜਿੰਨ੍ਹਾਂ ਦੇ ਹੱਥਕੜੀਆਂ ਲੱਗੀਆਂ ਹੋਈਆਂ ਸਨ, ਉਹ ਆਪਣੇ ਬੈਡ ’ਤੇ ਹਾਜ਼ਰ ਸਨ, ਜਦੋਂਕਿ ਜਸਪ੍ਰੀਤ ਸਿੰਘ ਉੁਰਫ਼ ਲੱਕੀ ਵਾਸੀ ਗਿੱਦੜਬਾਹਾ ਦੀ ਹੱਥਕੜ੍ਹੀ ਬੈਡ ’ਤੇ ਖੁੱਲ੍ਹੀ ਪਈ ਸੀ ਤੇ ਉਹ ਬੈਡ ’ਤੇ ਹਾਜ਼ਰ ਨਹੀਂ ਸੀ। ਉਸਦੇ ਨਾਲ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਸਬ ਥਾਣੇਦਾਰ ਦੇਸਾ ਸਿੰਘ ਤੇ ਹੋਮਗਾਰਡ ਜਵਾਨ ਇਕਬਾਲ ਸਿੰਘ ਨੇ ਕਥਿਤ ਦੋਸ਼ੀ ਦੀ ਹੱਥਕੜ੍ਹੀ ਫਲੱਸ਼ ਜਾਣ ਲਈ ਖ਼ੋਲ੍ਹ ਦਿੱਤੀ ਸੀ, ਉਸ ਤੋਂ ਬਾਅਦ ਦੋਵੇਂ ਕਰਮਚਾਰੀ ਕਮਰੇ ਦਾ ਦਰਵਾਜਾ ਬੰਦ ਕਰਕੇ ਆਪਣੇ ਗਾਰਦ ਰੂਮ ਵਿੱਚ ਚਲੇ ਗਏ ਤੇ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਬਾਥਰੂਮ ਨਾਲ ਬਣੀ ਖਿੜਕੀ ਵਿੱਚੋਂ ਲੰਘ ਕੇ ਫਰਾਰ ਹੋ ਗਿਆ।
ਪੁਲਿਸ ਨੇ ਇਸ ਮਾਮਲੇ ’ਚ ਜਸਪ੍ਰੀਤ ਸਿੰਘ ਉਰਫ਼ ਲੱਕੀ, ਸਬ ਥਾਣੇਦਾਰ ਦੇਸਾ ਸਿੰਘ, ਸਬ ਥਾਣੇਦਾਰ ਹਰਜਿੰਦਰ ਸਿੰਘ, ਹੋਮਗਾਰਡ ਜਵਾਨ ਇਕਬਾਲ ਸਿੰਘ ਤੇ ਮਨੋਜ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 223, 224, 270 ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਰਣਨਯੋਗ ਹੈ ਜਸਪ੍ਰੀਤ ਸਿੰਘ ਨੂੰ ਥਾਣਾ ਗਿੱਦੜਬਾਹਾ ਪੁਲਸ ਨੇ ਮੁਕੱਦਮਾ ਨੰਬਰ 267 ਤਹਿਤ ਮੋਬਾਇਲ ਚੋਰੀ ਦੇ ਮਾਮਲੇ ਵਿੱਚ ਕਾਬੂ ਕੀਤਾ ਸੀ।