ਦੇਸ਼ ਦੀ ਲੋਕ ਸਭਾ 'ਚ ਪੰਥਕ ਆਵਾਜ਼ ਗੂੰਜਣੀ ਜ਼ਰੂਰੀ: ਜਥੇਦਾਰ ਪੰਜੋਲੀ
- ਵੱਖ-ਵੱਖ ਹਲਕਿਆਂ ਚੋਂ ਪੰਥਕ ਉਮੀਦਵਾਰਾਂ ਦੀ ਕੀਤੀ ਹਮਾਇਤ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 30 ਮਈ 2024:- ਆਗਾਮੀ ਲੋਕ ਸਭਾ ਚੋਣਾਂ ਵਿੱਚ ਜਿੱਥੇ ਪੰਜਾਬ ਦੀਆਂ ਆਰਥਿਕ, ਸਮਾਜਿਕ ਸਮੱਸਿਆਵਾਂ ਦਾ ਜ਼ਿਕਰ ਕਰਨਾ ਬਣਦਾ ਹੈ ਉੱਥੇ ਹੀ ਪੰਥਕ ਮਸਲਿਆਂ ਦੀ ਗੱਲ ਕਰ ਰਹੇ ਉਮੀਦਵਾਰਾਂ ਦੀ ਪ੍ਰਤੀਨਿਧਤਾ ਵੀ ਲੋਕ ਸਭਾ ਵਿੱਚ ਹੋਣੀ ਜਰੂਰੀ ਹੈ ਜਿਸ ਤਹਿਤ ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ, ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਅਤੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਲੁਧਿਆਣਾ ਤੋਂ ਰਛਪਾਲ ਸਿੰਘ ਸੰਧੜਾ ਦੇ ਸਪੁੱਤਰ ਅੰਮ੍ਰਿਤਪਾਲ ਸਿੰਘ, ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ ਅਤੇ ਇਸੇ ਪ੍ਰਕਾਰ ਹੀ ਹੁਸ਼ਿਆਰਪੁਰ ਤੋਂ ਤਾਮਿਲ ਤੋਂ ਸਿੱਖ ਬਣੇ ਅਤੇ ਦੱਬੇ ਕੁਚਲੇ ਸਿੱਖਾਂ ਦੀ ਆਵਾਜ਼ ਜੀਵਨ ਸਿੰਘ ਮੱਲ੍ਹਾ ਨੂੰ ਜਿੱਤਾਉਣਾ ਜਰੂਰੀ ਹੈ ਕਿਉਂਕਿ ਇਹਨਾਂ ਰਾਹੀਂ ਸਿੱਖ ਕੌਮ ਵੱਲੋਂ ਆਪਣੇ ਹੱਕ ਹਕੂਕ ਦੀ ਆਵਾਜ਼ ਦੇਸ਼ ਦੀ ਲੋਕ ਸਭਾ ਵਿੱਚ ਗੂੰਜੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਪੰਥਕ ਆਗੂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕੀਤਾ।
ਅੱਗੇ ਬੋਲਦਿਆ ਜਥੇਦਾਰ ਪੰਜੋਲੀ ਨੇ ਕਿਹਾ ਕਿ ਇਸ ਸਮੇਂ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥਕ ਸਿਧਾਂਤਾਂ ਤੋਂ ਕਿਨਾਰਾ ਕਰ ਚੁੱਕੀ ਹੈ ਜਿਸ ਤਹਿਤ ਪਾਰਟੀ ਵੱਲੋਂ ਉਪਰੋਕਤ ਉਮੀਦਵਾਰਾਂ ਦੇ ਖਿਲਾਫ ਆਪਣੇ ਉਮੀਦਵਾਰ ਉਤਾਰਨਾ ਜਿੱਥੇ ਪਾਰਟੀ ਦੀ ਵਿਚਾਰਧਾਰਾ ਦੇ ਵਿਰੁੱਧ ਲਿਆ ਗਿਆ ਫੈਸਲਾ ਹੈ ਅਜਿਹੇ ਹਾਲਾਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਗੱਲ ਕਿਸ ਮੂੰਹ ਨਾਲ ਕਰੇਗਾ? ਇਸ ਦੇ ਨਾਲ ਹੀ ਜਥੇਦਾਰ ਪੰਜੋਲੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਗੁਲਦਸਤਾ ਹੈ ਉਸ ਨੂੰ ਵੀ ਨੈਤਿਕ ਫਰਜਾਂ ਦੀ ਪੂਰਤੀ ਕਰਦੇ ਹੋਏ ਇਹਨਾਂ ਆਗੂਆਂ ਲਈ ਵੀ ਪ੍ਰਚਾਰ ਕਰਨਾ ਚਾਹੀਦਾ ਹੈ। ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਰਟੀਬਾਜੀ ਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਉਪਰੋਕਤ ਉਮੀਦਵਾਰਾਂ ਵੱਡੇ ਫਰਕ ਨਾਲ ਜਿਤਾਉਣਾ ਸਾਡੀ ਏਕਤਾ ਤੇ ਪੰਥਕ ਭਾਵਨਾ ਦਾ ਪ੍ਰਤੀਕ ਹੋਵੇਗਾ।