ਦੀਪਕ ਜੈਨ
ਜਗਰਾਓਂ, 25 ਅਗਸਤ 2020 - ਟ੍ਰੈਫਿਕ ਪੁਲਿਸ ਵਲੋਂ ਪਿਛਲੇ ਦਿਨੀਂ ਸਖ਼ਤਾਈ ਵਿਖਾ ਕੇ ਵਾਹਵਾਹੀ ਖੱਟੀ ਜਾ ਰਹੀ ਸੀ ਪਰ ਜਿੱਥੇ ਟ੍ਰੈਫਿਕ ਪੁਲਿਸ ਦਾ ਖਾਸ ਨਾਕਾ ਰਹਿੰਦਾ ਉੱਥੇ ਪੁਲਿਸ ਦੀ ਮੁਸਤੈਦੀ ਖਤਮ ਹੋਈ ਜਾਪਦੀ ਹੈ। ਅਸੀਂ ਗੱਲ ਕਰ ਰਹੇ ਹਾਂ ਬਸ ਅੱਡੇ ਜਗਰਾਓਂ ਦੀ ਜਿੱਥੇ ਕਿ ਹਮੇਸ਼ਾ ਹੀ ਟ੍ਰੈਫਿਕ ਪੁਲਿਸ ਦਾ ਨਾਕਾ ਲੱਗਿਆ ਰਹਿੰਦਾ ਹੈ ਅਤੇ ਪੁਲਿਸ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਪੁਲਿਸ ਮਾਸਕ ਚੈਕਿੰਗ ਦੇ ਨਾਲ ਨਾਲ ਬੱਸਾਂ ਵਿਚ ਬੈਠੀਆਂ ਸਵਾਰੀਆਂ ਦੀ ਚੈਕਿੰਗ ਵੀ ਕਰੇ।
ਅੱਜ ਪੱਤਰਕਾਰਾਂ ਵਲੋਂ ਜਦੋ ਬਸ ਅੱਡੇ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਬੱਸਾਂ ਅੱਧੀ ਨਾਲੋਂ ਵੱਧ ਗਿਣਤੀ ਵਿਚ ਭਰੀਆਂ ਜਾ ਰਹੀਆਂ ਸਨ ਅਤੇ ਕਈ ਸਵਾਰੀਆਂ ਦੇ ਤਾਂ ਮਾਸਕ ਤੱਕ ਵੀ ਨਹੀਂ ਲੱਗੇ ਸਨ। ਇੱਥੇ ਸੋਚਣ ਵਾਲੀ ਗੱਲ ਹੈ ਕਿ ਜਦੋ ਪੱਤਰਕਾਰਾਂ ਨੂੰ ਇਹ ਸਬ ਦਿਖਾਈ ਦੇ ਗਿਆ ਤਾਂ ਟ੍ਰੈਫਿਕ ਪੁਲਿਸ ਨੂੰ ਇਹ ਸਭ ਕਿਉਂ ਨਹੀਂ ਦਿਖਾਈ ਦਿੱਤਾ। ਵੈਸੇ ਤਾਂ ਟ੍ਰੈਫਿਕ ਪੁਲਿਸ ਹਮੇਸ਼ਾ ਹੀ ਰਾਗ ਅਲਾਪਦੀ ਹੈ ਕਿ ਸਾਡੇ ਵਲੋਂ ਕਿਸੇ ਵੀ ਨਿਯਮ ਤੋੜਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਐਨੀ ਵੱਡੀ ਅਣਗਹਿਲੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ ਕਿ ਸਵਾਰੀਆਂ ਕਿੰਨੀਆਂ ਹਨ ਇੱਕ ਬੱਸ ਵਿੱਚ ਇਹ ਸਭ ਅੱਖੋਂ-ਪਰੋਖ਼ੇ ਕੀਤਾ ਜਾ ਰਿਹਾ ਹੈ।
ਜਿਵੇਂ ਕਿ ਕੋਰੋਨਾ ਵਰਗੀ ਨਾਮੁਰਾਦ ਬਿਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਪੁਲਿਸ ਦੀ ਮੁਸਤੈਦੀ ਨਾ ਦਿਖਾਈ ਦੇਣਾ ਕੋਈ ਵੱਡੀ ਅਣਹੋਣੀ ਸਾਹਮਣੇ ਲਿਆ ਸਕਦੀ ਹੈ ਕਿਓਂਕਿ ਜ਼ਿਆਦਾ ਸਵਾਰੀਆਂ ਬੈਠਣ ਨਾਲ ਖਤਰਾ ਵੀ ਜ਼ਿਆਦਾ ਹੁੰਦਾ ਹੈ ਅਤੇ ਇਕ ਦੇ ਨਾਲ ਹੋਰ ਕਈ ਮਰੀਜ਼ ਬਣ ਸਕਦੇ ਹਨ।