← ਪਿਛੇ ਪਰਤੋ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 21 ਸਤੰਬਰ -ਪਿਛਲੀ 31 ਅਗਸਤ ਤੋਂ ਔਕਲੈਂਡ ਖੇਤਰ ਦੇ ਵਿਚ ਪੈਂਦੇ ਸਾਰੇ ਇਲਾਕੇ ਕਰੋਨਾ ਤਾਲਾਬੰਦੀ ਪੱਧਰ-2.5 ਦੇ ਦੀਆਂ ਸ਼ਰਤਾਂ ਮੁਤਾਬਿਕ ਚੱਲ ਰਹੇ ਸਨ ਅਤੇ ਬਿਜ਼ਨਸ ਅਦਾਰਿਆਂ ਦੇ ਵਿਚ ਵੀ ਕਈ ਤਰ੍ਹਾਂ ਦੀਆਂ ਸ਼ਰਤਾਂ ਸਨ। ਅੱਜ ਸਰਕਾਰ ਨੇ ਇਸਦੀ ਮੁੜ ਸਮੀਖਿਆ ਕਰਦਿਆਂ ਬੁੱਧਵਾਰ ਰਾਤ 11.59 ਵਜੇ ਤੋਂ ਕਰੋਨਾ ਤਾਲਾਬੰਦੀ ਢਿੱਲੀ ਕਰਦਿਆਂ ਇਸ ਦਾ ਪੱਧਰ 2 ਤੱਕ ਕਰ ਦਿੱਤਾ ਹੈ ਜਿਸ ਦੇ ਮੁਤਾਬਿਕ ਹੁਣ 100 ਲੋਕਾਂ ਦਾ ਜਨਤਕ ਇਕੱਠ ਹੋ ਸਕੇਗਾ। ਪਰ ਇਸਦੇ ਨਾਲ ਹੀ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਵਿਚ ਅੱਜ ਰਾਤ ਤੋਂ ਹੀ ਕਰੋਨਾ ਤਾਲਾਬੰਦੀ ਪੱਧਰ-1 ਦੀਆਂ ਸ਼ਰਤਾਂ ਲਾਗੂ ਰਹਿਣਗੀਆਂ। ਅਗਲੀ ਸਮੀਖਿਆ 5 ਅਕਤੂਬਰ ਨੂੰ ਕੀਤੀ ਜਾਵੇਗੀ ਅਤੇ 7 ਅਕਤੂਬਰ ਨੂੰ ਦੁਬਾਰਾ ਕਰੋਨਾ ਤਾਲਾਬੰਦੀ ਦਾ ਪੱਧਰ ਹੇਠਾਂ ਖਿਸਕਾਇਆ ਜਾ ਸਕਦਾ ਹੈ। ਔਕਲੈਂਡ ਖੇਤਰ ਦੇ ਵਿਚ ਜਨਤਕ ਟਰਾਂਸਪੋਰਟ ਦੇ ਵਿਚ ਸਫਰ ਕਰਨ ਵੇਲੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ ਪਰ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਦੇ ਵਿਚ ਮਾਸਕ ਪਹਿਨਣਾ (ਮੂੰਹ ਅਤੇ ਨੱਕ ਢਕਣਾ) ਲਾਜ਼ਮੀ ਤਾਂ ਨਹੀਂ ਪਰ ਸੁਰੱਖਿਆ ਵਾਸਤੇ ਪਹਿਨਿਆ ਜਾ ਸਕਦਾ ਹੈ। ਨਿਊਜ਼ੀਲੈਂਡ ਦੇ ਵਿਚ ਅੱਜ ਕਰੋਨਾ ਬਿਮਾਰੀ ਦਾ ਕੋਈ ਨਵਾਂ ਕੇਸ ਨਹੀਂ ਆਇਆ ਅਤੇ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 62 ਰਹਿ ਗਈ ਹੈ ਜਿਨ੍ਹਾਂ ਵਿਚ 33 ਕੇਸ ਕਮਿਊਨਿਟੀ ਦੇ ਹਨ ਅਤੇ 29 ਕੇਸ ਵਿਦੇਸ਼ ਤੋਂ ਪਰਤਿਆਂ ਦੇ ਹਨ। ਹੁਣ ਤੱਕ ਦੇਸ਼ ਵਿਚ 1464 ਪੁਸ਼ਟੀ ਕੀਤੇ ਕੇਸ ਹੋਏ ਹਨ ਅਤੇ ਮੌਤਾਂ ਦੀ ਗਿਣਤੀ 25 ਹੈ।
Total Responses : 267