ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਪੁਲਿਸ ਪਾਵਰ ਅੱਪ
- ਕੋਵਿਡ-19 ਦੇ ਬਚਾਅ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਤੱਕ ਬਿਨਾਂ ਵਾਰੰਟ ਵੀ ਪੁਲਿਸ ਪਹੁੰਚ ਸਕਦੀ ਹੈ ਤੁਹਾਡੇ ਘਰ ਤੱਕ
ਔਕਲੈਂਡ, 13 ਮਈ 2020 - ਨਿਊਜ਼ੀਲੈਂਡ ਦੀ ਸੱਤਾਧਾਰ ਪਾਰਟੀ ਨੇ ਅੱਜ ਇਕ ਵਿਵਾਦਿਤ ਕਾਨੂੰਨ ਜਿਸ ਦੇ ਵਿਚ ਪੁਲਿਸ ਨੂੰ ਹੋਰ ਅਧਿਕਾਰ ਦਿੱਤੇ ਗਏ ਹਨ, ਨੂੰ 63 ਵੋਟਾਂ ਦੇ ਨਾਲ ਪਾਸ ਕਰ ਦਿੱਤਾ ਜਦ ਕਿ ਇਸਦੇ ਵਿਰੋਧ ਵਿਚ 57 ਵੋਟਾਂ ਪਈਆਂ। ਇਸ ਕਾਨੂੰਨ ਦੇ ਨਾਲ ਨਿਊਜ਼ੀਲੈਂਡ ਪੁਲਿਸ ਨੂੰ ਕੋਵਿਡ-19 ਦੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਪੁਲਿਸ ਉਨ੍ਹਾਂ ਦੇ ਘਰ ਤੱਕ ਬਿਨਾਂ ਵਾਰੰਟ ਵੀ ਪਹੁੰਚ ਸਕੇਗੀ। ਵਿਰੋਧੀ ਪਾਰਟੀ ਨੈਸ਼ਨਲ ਅਤੇ ਐਕਟ ਦਾ ਕਹਿਣਾ ਸੀ ਕਿ ਇਹ ਬਿੱਲ ਤੱਤ-ਭਲੱਤ ਦੇ ਵਿਚ ਬਿਨਾਂ ਚੰਗੀ ਤਰ੍ਹਾਂ ਨਿਰੀਖਣ ਕੀਤੇ ਲਿਆਂਦਾ ਗਿਆ ਹੈ। ਇਸਦੀਆਂ ਡੂੰਘੀਆ ਪਰਤਾਂ ਅਤੇ ਨਤੀਜਿਆ ਦਾ ਨਿਰੀਖਣ ਨਹੀਂ ਕੀਤਾ ਗਿਆ। ਪਰ ਸਰਕਾਰ ਨੇ ਕਿਹਾ ਹੈ ਕਿ ਇਹ ਬਿਲ ਬਹੁਤ ਹੀ ਜਰੂਰੀ ਸੀ ਅਤੇ ਇਸਨੂੰ ਕੋਵਿਡ-19 ਦੌਰਾਨ ਹੀ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਹਿਊਮਨ ਰਾਈਟ ਕਮਿਸ਼ਨ ਵੀ ਇਸ ਬਿਲ ਨੂੰ ਲੈ ਕੇ ਬਾਹਲਾ ਖੁਸ਼ ਨਹੀਂ ਹੈ ਅਤੇ ਕਿਹਾ ਹੈ ਕਿ ਇਹ ਲੋਕਤੰਤਰ ਪ੍ਰਯੰਤਰ ਦੇ ਵਿਚ ਅਸਫਲਤਾ ਹੈ। ਕੋਵਿਡ-19 ਦਾ ਇਹ ਪਹਿਲਾ ਕਾਨੂੰਨ ਹੈ ਅਤੇ ਇਸਨੂੰ ਸਾਰੀਆਂ ਪਾਰਟੀਆਂ ਦਾ ਸਮਰਥਨ ਨਹੀਂ ਮਿਲਿਆ। ਸੋ ਕਰੋਨਾ ਵਰਗੀ ਮਹਾਂਮਾਰੀ ਦੇ ਨਾਲ ਭਵਿੱਖ ਦੇ ਵਿਚ ਲੜਨ ਲਈ ਪੁਲਿਸ ਨੂੰ ਹੋਰ ਅਧਿਕਾਰ ਦਿੱਤੇ ਜਾ ਰਹੇ ਹਨ।