ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਦੇ ਬਹੁਤ ਸਾਰੇ ਕਿਸਾਨਾਂ ਨੂੰ ਕਰੜੇ ਦਿਲ ਨਾਲ ਪੁੱਤਾਂ ਵਾਂਗ ਪਾਲੀ ਫਸਲ ਰੂੜੀ ਉਤੇ ਸੁੱਟਣੀ ਪੈ ਰਹੀ ਹੈ
- ਹੱਥੀਂ ਤਿਆਰ ਫਸਲ ਨੂੰ ਟ੍ਰੈਕਟਰ ਨਾਲ ਪਿਆ ਵਾਹਣਾ
ਔਕਲੈਂਡ, 10 ਮਈ 2020 - ਫਰਵਰੀ ਦੇ ਅਖੀਰ ਵਿਚ ਕੋਰੋਨਾ ਵਾਇਰਸ ਦੀ ਦਸਤਕ ਬਾਅਦ ਨਿਊਜ਼ੀਲੈਂਡ ਨੇ ਇਸ ਨੂੰ ਦੇਸ਼ ਅੰਦਰ ਫੈਲਣ ਤੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਪਰ ਇਹ ਕੋਰੋਨਾ ਸਟੇਜ 4 ਤੱਕ ਮਾਰਚ 24 ਤੱਕ ਪਹੁੰਚ ਗਿਆ ਸੀ। ਇਕ ਮਹੀਨੇ ਤੋਂ ਵੱਧ ਸਮੇਂ ਤੱਕ ਲੈਵਲ 4 ਦੀਆਂ ਸ਼ਰਤਾਂ ਅਤੇ ਇਸ ਵੇਲੇ ਲੈਵਲ 3 ਦੀਆਂ ਸ਼ਰਤਾਂ ਨੇ ਦੇਸ਼ ਦੇ ਬਜਾਰਾਂ ਨੂੰ ਬੰਦ ਕਰ ਦਿੱਤਾ, ਲੋਕ ਘਰਾਂ ਵਿਚ ਖਾਣਾ ਬਨਾਉਣ ਤੱਕ ਸੀਮਤ ਹੋ ਗਏ। ਜਿਹੜੇ ਹੋਟਲਾਂ, ਰੈਸਟੋਰੈਂਟਾਂ ਦੇ ਵਿਚ ਦੇਸ਼ ਦੇ ਕਿਸਾਨਾਂ ਦੀ ਫਸਲ ਜਿਵੇਂ ਫੈਂਸੀ ਲੈਟਸ, ਖੀਰੇ, ਟਮਾਟਰ, ਹਰੀਆਂ ਸਬਜ਼ੀਆਂ, ਆਲੂ, ਪਿਆਜ, ਗਾਜਰਾਂ, ਧਨੀਆ, ਪੂਦਨਾ ਅਤੇ ਹੋਰ ਸਾਮਾਨ ਜਾਂਦਾ ਸੀ ਉਨ੍ਹਾਂ ਨੂੰ ਇਨ੍ਹਾਂ ਦੀ ਲੋੜ ਨਾ ਰਹੀ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਰੋਜ਼ਾਨਾ ਆਪਣੇ ਮਾਲਕਾਂ ਨਾਲ ਅੱਖਾਂ ਵਿਚ ਅੱਖਾਂ ਵਿਚ ਪਾ ਗੱਲਾਂ ਕਰਨ ਕਿ ਸਾਡਾ ਮੁੱਲ ਕਦੋ ਪਵੇਗਾ ? ਕਿਸਾਨਾਂ ਨੇ ਕਈ ਦਿਨ ਫਸਲਾਂ ਨਾਲ ਅੱਖ ਨਾ ਮਿਲਾਈ ਸੋਚਿਆ ਕੋਈ ਮੁੱਲ ਪਾਉਣ ਵਾਲਾ ਆਵੇਗਾ, ਸਰਕਾਰ ਤੱਕ ਨਜ਼ਰਾਂ ਰੱਖੀਆਂ ਪਰ ਇਨ੍ਹਾਂ ਕਾਸ਼ਤਕਾਰਾਂ ਦਾ ਕੋਈ ਵਿਚਾਰਾ ਨਾ ਬਣਿਆ।
ਫੈਂਸੀ ਲੈਟਸ (ਡਰੂਰੀ ਫ੍ਰੈਸ਼) ਦੇ ਕਾਸ਼ਤਕਾਰ ਬਲਬੀਰ ਸਿੰਘ ਪਾਬਲਾ ਜੋ ਕਿ ਬੰਬੇ ਹਿਲ ਵਿਖੇ ਹਾਈਡ੍ਰੋਪੌਨਿਕ ਤਰੀਕੇ ਨਾਲ ਵੱਖ-ਵੱਖ ਤਰ੍ਹਾਂ ਦੀ ਫੈਂਸੀ ਲੈਟਸ ਪੈਦਾ ਕਰਦੇ ਹਨ ਹੁਣ ਤੱਕ ਲੱਖ ਤੋਂ ਉਪਰ ਪਲੇ ਹੋਏ ਫੈਂਸੀ ਲੈਟਸ ਦੇ ਫੁੱਲ ਕਰੜੇ ਦਿਲ ਨਾਲ ਰੂੜੀ ਉਤੇ ਸੁੱਟ ਚੁੱਕੇ ਹਨ। ਇਹ ਫਸਲ ਏਦਾਂ ਦੀ ਹੈ ਇਸਨੂੰ ਤਿਆਰ ਹੋਣ ਲਈ ਦੁਬਾਰਾ 5-6 ਹਫਤੇ ਲੱਗ ਜਾਂਦੇ ਹਨ। ਜੇਕਰ ਦੁਬਾਰਾ ਪੈਦਾ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਵਿਚ ਕੀ ਵੇਚਣਗੇ? ਇਸੇ ਤਰ੍ਹਾਂ ਚਲਦਿਆਂ ਦੋ ਮਹੀਨੇ ਢੁੱਕਣ ਲੱਗੇ ਹਨ ਅਤੇ ਫਸਲਾ ਦੁਬਾਰਾ ਤਿਆਰ ਕਰਕੇ ਸੁੱਟਣੀਆਂ ਪੈ ਰਹੀਆਂ ਹਨ। ਸਰਕਾਰ ਨੇ ਕਾਮਿਆਂ ਦੀਆਂ ਤਨਖਾਹਾਂ ਦੇ ਰਾਹੀਂ ਵੱਡੀ ਸਹਾਇਤਾ ਕਰ ਦਿੱਤੀ ਹੈ ਜਿਸ ਦਾ ਫਾਇਦਾ ਰੁਜ਼ਗਾਰ ਦਾਤਾ ਨੂੰ ਵੀ ਹੋਇਆ ਹੈ ਪਰ ਕਿਸਾਨ ਦੀ ਫਸਲ ਦਾ ਕੋਈ ਮੁਆਵਜ਼ਾ ਅਜੇ ਮਿਲਣ ਦਾ ਸੰਕੇਤ ਨਹੀਂ। ਸ. ਪਾਬਲਾ ਨੇ ਦੱਸਿਆ ਕਿ ਲਗਪਗ ਡੇਢ ਲੱਖ ਡਾਲਰ ਦੀ ਫਸਲ ਹੁਣ ਤੱਕ ਰੂੜੀ ਬਣ ਚੁੱਕੀ ਹੈ। 24 ਘੰਟੇ ਪਾਣੀ, ਬਿਜਲੀ, ਖਾਦਾਂ ਅਤੇ ਹੋਰ ਦਵਾਈਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਜੇਕਰ ਫਸਲ ਮਾਰਕੀਟ ਨਹੀਂ ਜਾਂਦੀ ਤਾਂ ਇੰਝ ਹੈ ਜਿਵੇਂ ਇਹ ਫਸਲ ਸੁੱਟਣ ਲਈ ਉਗਾਈ ਜਾ ਰਹੀ ਹੋਵੇ। ਬਹੁਤ ਸਾਰੀਆਂ ਥਾਵਾਂ ਉਤੇ ਲੱਗਦੇ ਫ੍ਰੀ ਫੂਡ ਡ੍ਰਾਈਵ ਦੇ ਵਿਚ ਵੀ ਇਹ ਲੈਟਸ ਭੇਜ ਰਹੇ ਹਨ ਤਾਂ ਕਿ ਕਿਸੇ ਦੇ ਮੂੰਹ ਪੈ ਸਕੇ। ਤਿਆਰ ਫਸਲ ਨੂੰ ਟ੍ਰੈਕਟਰ ਨਾਲ ਵਾਹਣਾ ਪੈ ਰਿਹਾ ਹੈ।
ਇਸੀ ਤਰ੍ਹਾਂ ਪੀ. ਕੇ. ਗ੍ਰੋਅਰ ਕੰਪਨੀ ਡਰੂਰੀ ਤੋਂ ਪਵਨ ਕੁਮਾਰ ਅਤੇ ਅਵਤਾਰ ਬਸਿਆਲਾ ਦੇ ਵੀ ਹਜ਼ਾਰਾਂ ਬੂਟੇ ਜੋ ਕਿ ਤਿਆਰ ਬਰ ਤਿਆਰ ਸਨ ਰੂੜੀ ਉਤੇ ਸੁੱਟਣੇ ਪੈ ਰਹੇ ਹਨ। ਹੁਣ ਤੱਕ ਉਹ ਵੀ 50,000 ਡਾਲਰ ਤੋਂ ਵੱਧ ਦਾ ਨੁਕਸਾਨ ਝੱਲ ਚੁੱਕੇ ਹਨ। ਇਸਦੇ ਬਾਵਜੂਦ ਨਵੇਂ ਬੂਟਿਆਂ ਦੀ ਖੇਤੀ ਵੀ ਕਰਨੀ ਪੈ ਰਹੀ ਹੈ ਪਰ ਪਤਾ ਨਹੀਂ ਇਹ ਮਾਰਕੀਟ ਜਾਣੇਗੇ ਕਿ ਸੁੱਟਣੇ ਪੈਣਗੇ। 50000 ਤਿਆਰ ਬੂਟੇ ਰੂੜੀ ਉਤੇ ਸੁੱਟਣੇ ਪਏ ਹਨ।
ਢੀਂਡਸਾ ਫਾਰਮ ਲਿਮਟਡ ਤੋਂ ਲਖਬੀਰ ਸਿੰਘ ਹੋਰਾਂ ਦੱਸਿਆ ਕਿ ਟਮਾਟਰਾਂ ਦੀ ਖੇਤੀ ਦੇ ਵਿਚ ਵੀ ਬਹੁਤ ਨੁਕਸਾਨ ਝੱਲਣਾ ਪਿਆ। ਜਿਹੜਾ ਕਰੇਟ 15 ਕਿਲੋ ਦਾ 42 ਡਾਲਰ ਦਾ ਵਿਕਸਾ ਸੀ, ਉਹ ਬਾਅਦ ਵਿਚ 5 ਡਾਲਰ ਦਾ ਕਰੇਟ ਵੇਚਣਾ ਪਿਆ। ਹਦਵਾਣਿਆ ਦੀ ਖੇਤੀ ਦੇ ਵਿਚ ਬੜਾ ਘਾਟਾ ਪਿਆ ਜਿੱਥੇ ਉਹ ਸੁੱਟਣੇ ਪਏ ਉਥੇ ਅੱਧੀ ਕੀਮਤ ਤੋਂ ਵੀ ਘੱਟ ਵਿਕੇ।