ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 22 ਅਪ੍ਰੈਲ 2020 - ਨਿਊਜ਼ੀਲੈਂਡ ਸਰਕਾਰ 28 ਅਪ੍ਰੈਲ ਦਿਨ ਮੰਗਲਵਾਰ ਤੋਂ ਕਰੋਨਾ ਵਾਇਰਸ ਨੂੰ ਕਾਬੂ ਰੱਖਣ ਬਾਅਦ ਲੈਵਲ-3 ਉਤੇ ਆ ਸਕਦਾ ਹੈ। ਇਸ ਸਬੰਧੀ ਜਨਤਕ ਟਰਾਂਸਪੋਰਟ ਵਰਤਣ ਵਾਲਿਆਂ ਦੇ ਵਿਚ ਵਾਧਾ ਹੋਵੇਗਾ ਜਿਸ ਕਰਕੇ ਸਾਵਧਾਨੀ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ। ਭਾਵੇਂ ਬਹੁਤ ਸਾਰੇ ਨਿਯਮ ਪਹਿਲਾਂ ਹੀ ਲਾਗੂ ਹਨ ਪਰ ਹੋ ਸਕਦਾ ਹੈ ਕੁਝ ਢਿੱਲ ਵਰਤੀ ਜਾਵੇ।
-ਜਨਤਕ ਟਰਾਂਸਪੋਰਟ ਦੇ ਵਿਚ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੈ, ਪਰ ਆਪਣੀ ਸੁੱਰਖਿਆ ਵਾਸਤੇ ਇਸਨੂੰ ਪਹਿਨਿਆ ਜਾ ਸਕੇਗਾ।
-ਇਸ ਦੌਰਾਨ ਸਫਰ ਫ੍ਰੀ ਰਹੇਗਾ ਪਰ ਹੋਪ ਕਾਰਡ ਟੈਗ ਆਨ ਅਤੇ ਟੈਗ ਆਫ ਕਰਨਾ ਜਰੂਰੀ ਹੋਵੇਗਾ। ਨਕਦ ਕਿਰਾਇਆ ਦੇਣ ਵਾਲਿਆਂ ਨੂੰ ਅਪੀਲ ਹੈ ਕਿ ਉਹ ਹੋਪ ਕਾਰਡ ਬਨਾਉਣ ਕਿਉਂਕਿ ਨਕਦੀ ਨਹੀਂ ਲਈ ਜਾਵੇਗੀ।
-ਟ੍ਰੇਨਾਂ ਅਤੇ ਫੈਰੀਜ਼ ਚੱਲਣਗੀਆਂ ਪਰ ਘੱਟ ਗਿਣਤੀ ਦੇ ਵਿਚ। ਬੱਸਾਂ ਲਗਪਗ ਆਮ ਟਾਈਮ ਟੇਬਲ ਅਨੁਸਾਰ ਚੱਲਣਗੀਆਂ ਤਾਂ ਕਿ ਘੱਟ ਤੋਂ ਘੱਟ ਸਵਾਰੀਆਂ ਲੈ ਕੇ ਰਵਾਨਾ ਹੋ ਸਕਣ।
-ਬੱਸਾਂ ਦੇ ਵਿਚ ਚੜ੍ਹਨ ਲਈ ਸਿਰਫ ਪਿਛਲਾ ਬੂਹਾ ਹੀ ਵਰਤਾਇਆ ਜਾਵੇਗਾ। ਡ੍ਰਾਈਵਰ ਦੀ ਪਿਛਲੀ ਸੀਟ 'ਤੇ ਬੈਠਣਾ ਮਨ੍ਹਾ ਹੈ। ਪਿਛਲੀ ਬਾਰੀ ਦੇ ਕੋਲ ਹੀ ਹੋਪ ਕਾਰਡ ਰੀਡਰ ਆਨ ਅਤੇ ਆਫ ਦਾ ਕੰਮ ਕਰੇਗਾ।
- ਜੇਕਰ ਕੋਈ ਮੋਬਲਿਟੀ ਕਾਰਡ ਵਾਲਾ ਹੋਵੇਗਾ ਤਾਂ ਉਸਦੀ ਸਹਾਇਤਾ ਡ੍ਰਾਈਵਰ ਕਰੇਗਾ ਅਤੇ ਮੂਹਰੇ ਵਾਲਾ ਦਰਵਾਜ਼ਾ ਵਰਤਿਆ ਜਾ ਸਕੇਗਾ।
-ਬੱਸ ਭਰਨ ਉਤੇ ਡ੍ਰਾਈਵਰ ਵਾਧੂ ਸਵਾਰੀ ਨਹੀਂ ਚੜ੍ਹਾਵੇਗਾ ਸਿਰਫ ਲਾਹ ਸਕੇਗਾ। ਸਵਾਰੀਆਂ ਨੂੰ ਦੋ ਮੀਟਰ ਦਾ ਫਾਸਲਾ ਬਣਾਈ ਰੱਖਣ ਲਈ ਸਲਾਹ ਦਿੱਤੀ ਗਈ ਹੈ।
- ਬਹੁਤ ਸਾਰੇ ਕਸਟਮਰ ਸਰਵਿਸ ਸੈਂਟਰ ਬੰਦ ਰਹਿਣਗੇ ਪਰ ਬਿਰੋਟੋਮਾਰਟ, ਮੈਨੁਕਾਓ ਬੱਸ ਸਟੇਸ਼ਨ, ਨਿਊਲਿਨ, ਪੈਨਮਿਊਰ, ਸਮੇਲਸ ਫਾਰਮ, ਨਿਊਮਾਰਕੀਟ ਵਾਲੇ ਦਫਤਰ ਖੁੱਲ੍ਹੇ ਰਹਿਣਗੇ।