ਹਰਜਿੰਦਰ ਸਿੰਘ ਬਸਿਆਲਾ
- ਨਿਊਜ਼ੀਲੈਂਡ ਦੇ ਸਿਹਤ ਮੰਤਰੀ ਵੱਲੋਂ 'ਲਾਕ ਡਾਊਨ' ਦੌਰਾਨ ਘਰੇ ਬਹਿਣ ਦੀ ਬਜਾਏ ਸਾਈਕਲ ਚਲਾਏ ਜਾਣ ਤੇ ਅਸਤੀਫੇ ਦੀਆਂ ਗੱਲਾਂ
ਔਕਲੈਂਡ, 3 ਅਪ੍ਰੈਲ 2020 - ਕਹਿੰਦੇ ਨੇ ਜਦੋਂ ਦੇਸ਼ ਦਾ ਕਾਨੂੰਨ ਬਣਦਾ ਹੈ ਤਾਂ ਇਹ ਦੇਸ਼ ਦੇ ਨਾਗਰਿਕਾਂ ਉੱਤੇ ਹੀ ਲਾਗੂ ਨਹੀਂ ਹੁੰਦਾ ਸਗੋਂ ਕਾਨੂੰਨ ਘਾੜਿਆਂ ਉੱਤੇ ਵੀ ਉਸੇ ਅਨੁਪਾਤ ਵਿਚ ਲਾਗੂ ਹੰਦਾ। ਨਿਊਜ਼ੀਲੈਂਡ ਸਿਹਤ ਮੰਤਰੀ ਡਾ. ਡੇਵਿਡ ਕਲਾਰਕ ਨੇ 'ਲੋਕ ਡਾਊਨ' ਦੌਰਾਨ 2 ਕਿਲੋਮੀਟਰ 'ਮਾਊਂਟੇਨ ਬਾਈਕ ਟ੍ਰੈਕ' ਉੱਤੇ ਸਾਈਕਲ ਚਲਾ ਕੇ ਪਤਾ ਨਹੀਂ ਕਿਹੜਾ ਸਿਹਤਯਾਬੀ ਦਾ ਪਾਠ ਪੜ੍ਹਾਉਣਾ ਚਾਹਿਆ ਕਿ ਹੁਣ ਉਸਦੇ ਸਾਈਕਲ ਚਲਾਉਣ ਉਤੇ ਸਿਆਸੀ ਗਰਾਰੀ ਅੜ ਗਈ ਹੈ।
ਦੇਸ਼ ਦੇ ਇੱਕ ਹੋਰ ਮੰਤਰੀ (ਵਿੱਤ) ਗ੍ਰਾਂਟ ਰੌਬਰਸਨ ਨੇ ਵੀ ਕਿਹਾ ਹੈ ਕਿ ਸਿਹਤ ਮੰਤਰੀ ਨੂੰ ਇਨ੍ਹਾਂ ਦਿਨਾਂ ਦੌਰਾਨ 'ਮਾਊਂਟੇਨ ਬਾਈਕਿੰਗ' (ਪਹਾੜੀਆਂ ਤੇ ਬਣੇ ਸਾਈਕਲ ਰਸਤੇ) ਉਤੇ ਅਜਿਹੀ ਸਰਗਰਮੀ ਨਹੀਂ ਸੀ ਕਰਨੀ ਚਾਹੀਦੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਵੀ ਕਿਹਾ ਕਿ ਸਿਹਤ ਮੰਤਰੀ ਨੂੰ ਇਹ ਸਲਾਹ ਮੰਨਣੀ ਚਾਹੀਦੀ ਹੈ ਕਿ ਉਥੇ ਸਰਗਰਮੀ ਨਾ ਕਰੇ ਜਿੱਥੇ ਜਿਆਦਾ ਸੱਟ ਲੱਗਣ ਦਾ ਖਤਰਾ ਹੈ ਉੱਥੇ ਨਹੀਂ ਜਾਣਾ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਇਸ ਮਹਾਂਮਾਰੀ ਨਾਲ ਸਾਰੇ ਲੜ ਰਹੇ ਹਾਂ ਉਥੇ ਸਿਹਤ ਮੰਤਰੀ ਨੂੰ 'ਮਾਊਂਟੇਨ ਬਾਈਕਿੰਗ' ਲਈ ਨਹੀਂ ਨਿਕਲਣਾ ਚਾਹੀਦਾ ਸੀ। ਉਸਨੂੰ ਜਰੂਰੀ ਹੋਣ ਉਤੇ ਕਾਰ ਚਲਾਉਣ ਲਈ ਕਿਹਾ ਗਿਆ ਹੈ ਉਹ ਵੀ ਨਿਰਧਾਰਤ ਗਿਣਤੀ ਦੇ ਗੇੜਿਆ ਵਿਚ। ਪੱਤਰਕਾਰਾਂ ਵੱਲੋਂ ਇੱਥੋਂ ਤੱਕ ਪੁੱਛ ਲਿਆ ਗਿਆ ਕਿ ਕੀ ਸਿਹਤ ਮੰਤਰੀ ਇਸ ਗਲਤੀ ਲਈ ਅਸਤੀਫਾ ਦੇਣਗੇ ?
ਪਰ ਲਗਦਾ ਨਹੀਂ ਗੱਲ ਇੱਥੇ ਤੱਕ ਪਹੁੰਚੇ ਕਿਉਂਕਿ ਇਸ ਸਮੇਂ ਸਿਹਤ ਮੰਤਰਾਲਾ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕੋਰੋਨਾ ਵਾਇਰਸ ਨਾਲ ਲੜ੍ਹਨ ਉੱਤੇ ਅਹਿਮ ਭੂਮਿਕਾ ਨਿਭਾਅ ਰਿਹਾ ਹੈ।