ਹਰਜਿੰਦਰ ਸਿੰਘ ਬਸਿਆਲਾ
- ਲੈਵਲ-3 ਦੇ ਵਿਚ ਦੁਕਾਨਾਂ ਖੋਲ੍ਹਣ ਦੀ ਸੰਭਾਵਨਾ ਘੱਟ
ਔਕਲੈਂਡ, 15 ਅਪ੍ਰੈਲ 2020 - ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਕਰੋਨਾ ਵਾਇਰਸ ਦਾ ਕਹਿਰ ਧੀਮੀ ਗਤੀ ਦੇ ਵਿਚ ਆ ਗਿਆ ਹੈ। ਹੁਣ ਤੱਕ ਕਰੋਨਾ ਵਾਇਰਸ ਦੇ ਨਾਲ ਕੁੱਲ 1386 ਲੋਕ ਪੀੜਤ ਹੋਏ, 728 ਠੀਕ ਹੋ ਗਏ, 649 ਇਸ ਵੇਲੇ ਘਰਾਂ ਦੇ ਵਿਚ ਇਕਾਂਤਵਾਸ ਹਨ ਜਿਨ੍ਹਾਂ ਵਿਚੋਂ 80 ਠੀਕ ਹੋ ਗਏ, 13 ਹਸਪਤਾਲ ਸਨ ਜਿਨ੍ਹਾਂ ਵਿਚੋਂ 2 ਨੂੰ ਛੁੱਟੀ ਦਿੱਤੀ ਗਈ , ਤਿੰਨ ਆਈ. ਸੀ. ਯੂ. ਵਿਚ ਹਨ ਅਤੇ ਹੁਣ ਤੱਕ 9 ਮੌਤਾਂ ਹੋ ਚੁੱਕੀਆਂ ਹਨ। ਇਸ ਵੇਲੇ ਇਹ ਮਹਾਂਮਾਰੀ ਚੌਥੇ ਸਤਰ ਉਤੇ ਹੈ ਅਤੇ ਅਗਲੇ ਹਫਤੇ 23 ਅਪ੍ਰੈਲ ਨੂੰ ਰਾਸ਼ਟਰੀ ਲਾਕ ਡਾਊਨ ਹਟਾਏ ਜਾਣ ਦੀ ਸੰਭਾਵਨਾ ਹੈ।
ਜੇਕਰ ਸਰਕਾਰ ਲੈਵਲ-3 ਉਤੇ ਅਗਲੇ ਹਫਤੇ ਆ ਜਾਂਦੀ ਹੈ ਤਾਂ ਕੁਝ ਕਾਰੋਬਾਰਾਂ ਨੂੰ ਨਿਯਮਾਂ ਮੁਤਾਬਿਕ ਖੁੱਲ੍ਹਣ ਦੀ ਆਗਿਆ ਹੋਵੇਗਾ। ਇਸ ਦੌਰਾਨ ਜਿਹੜੇ ਲੋਕ ਜਿਆਦਾ ਬਿਜ਼ੀ ਹੋਣਗੇ ਉਨ੍ਹਾਂ ਨੇ ਆਪਣੀ-ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਹੇਅਰ ਡ੍ਰੈਸਰ, ਸੈਲੂਨ ਅਤੇ ਬਾਰਬਰ ਸ਼ਾਪਾਂ ਵਾਲਿਆਂ ਨੇ ਤਿਆਰੀ ਖਿੱਚ ਲਈ ਹੈ ਅਤੇ ਕੈਂਚੀਆਂ ਉਸਤਰੇ ਠੀਕ ਕਰ ਲਏ ਹਨ। ਉਹ ਐਨੇ ਬਿਜ਼ੀ ਹੋਣਗੇ ਕਿ ਸਾਰਾ ਕੰਮ 'ਓਪਾਇਨਟਮੈਂਟਾਂ' ਰਾਹੀਂ ਹੀ ਕਰਨਾ ਪਵੇਗਾ।
ਆਸਟਰੇਲੀਆ ਦੇ ਵਿਚ ਲੈਵਲ-3 ਦੌਰਾਨ ਇਹ ਦੁਕਾਨਾਂ ਖੁੱਲ੍ਹੀਆਂ ਸਨ ਪਰ ਨਿਊਜ਼ੀਲੈਂਡ ਦੇ ਵਿਚ ਲੈਵਲ-2 ਦੇ ਵਿਚ ਹੀ ਖੋਲ੍ਹੀਆਂ ਜਾ ਸਕਣਗੀਆਂ, ਪਰ ਇਸ ਸਬੰਧੀ ਹੋਰ ਗੱਲਬਾਤ ਚੱਲ ਰਹੀ ਹੈ ਤਾਂ ਕਿ ਇਹ ਦੁਕਾਨਾਂ ਖੁੱਲ੍ਹ ਸਕਣ। 'ਦਾ ਨਿਊਜ਼ੀਲੈਂਡ ਐਸੋਸੀਏਸ਼ਨ ਆਫ ਰਜਿਟਰਡ ਹੇਅਰਡਰੈਸਰਜ਼' ਇਸ ਸਬੰਧੀ ਆਪਣੇ ਮੈਂਬਰਾਂ ਨੂੰ ਨਾਲੋ-ਨਾਲ ਦਸ ਰਹੀ ਹੈ। ਲੈਵਲ-3 ਦੇ ਵਿਚ ਸੈਲੂਨ ਤੋਂ ਸਾਮਾਨ ਆਦਿ ਖਰੀਦਿਆ ਜਾ ਸਕੇਗਾ। ਲੈਵਲ-2 ਦੇ ਵਿਚ ਵਾਲ ਕੱਟਣ ਦਾ ਤਰੀਕਾ ਬਦਲ ਜਾਵੇਗਾ। ਨਾਈ ਪਿਛਲੇ ਪਾਸੇ ਖੜਕੇ ਹੀ ਵਾਲ ਕੱਟੇਗਾ ਅਤੇ ਇਕ ਸੀਟ ਖਾਲੀ ਰੱਖਣੀ ਪਵੇਗੀ। ਦੁਕਾਨ ਉਤੇ ਮੈਗਜ਼ੀਨ, ਪੜ੍ਹਨ ਵਾਸਤੇ ਕੁਝ ਹੋਰ ਅਤੇ ਚਾਹ-ਪਾਣੀ ਨਹੀਂ ਰੱਖਿਆ ਜਾਵੇਗਾ। 70 ਸਾਲ ਤੋਂ ਉਪਰ ਵਾਲੇ ਕੰਮ ਨਹੀਂ ਕਰਨਗੇ। ਹਰੇਕ ਹੇਅਰ ਡ੍ਰੈਸਰ ਨੂੰ ਗਾਹਕਾਂ ਦਾ ਨਾਂਅ, ਪਤਾ ਅਤੇ ਸੰਪਰਕ ਨੰਬਰ ਰੱਖਣਾ ਹੋਏਗਾ।