ਨਿੱਜੀ ਹੋਟਲ ਨੇ ਪਹਿਲੀ ਵਾਰ ਵੋਟਰਾਂ ਨੂੰ ਮੁਫਤ ਦੁਪਹਿਰ ਦੇ ਖਾਣੇ ਅਤੇ ਫਲਾਂ ਵਾਲੇ ਪੌਦੇ ਦੇ ਕੇ ਕੀਤਾ ਵਧੀਆ ਉਪਰਾਲਾ
ਰੋਹਿਤ ਗੁਪਤਾ
ਗੁਰਦਾਸਪੁਰ 1 ਜੂਨ 2024 - ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਅਤੇ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਜ਼ਿਲ੍ਹਾ ਆਈਕਨ ਹੋਣ ਦੇ ਨਾਤੇ SVEEP ਨੇ ਆਪਣੀ ਕਿਸਮ ਦੀ ਪਹਿਲੀ ਨਿਵੇਕਲੀ ਪਹਿਲ ਕੀਤੀ ਹੈ ਜਿਸ ਵਿੱਚ ਪਹਿਲੀ ਵਾਰ ਵੋਟਰਾਂ ਨੂੰ ਇੱਕ ਆਧੁਨਿਕ ਸੁਖ ਸੁਵਿਧਾਵਾਂ ਨਾਲ ਲੈਸ ਨਿਜੀ ਹੋਟਲ RK ਰੀਜੈਂਸੀ ਵਿੱਚ ਮੁਫਤ ਦੁਪਹਿਰ ਦਾ ਖਾਣਾ ਪਰੋਸਿਆ ਗਿਆ ਹੈ।
ਜਾਣਕਾਰੀ ਦਿੰਦੇ ਆ ਰੋਮੇਸ਼ ਮਹਾਜਨ ਨੇ ਦੱਸਿਆ ਕਿ ਪਹਿਲੀ ਵਾਰ 185 ਵੋਟਰਾਂ ਨੇ ਇਸ ਪੇਸ਼ਕਸ਼ ਦਾ ਲਾਭ ਉਠਾ ਕੇ ਸਵਾਦਿਸ਼ਟ ਦੁਪਹਿਰ ਦੇ ਖਾਣੇ ਦਾ ਆਨੰਦ ਲਿਆ ਹੈ ਅਤੇ ਉਨਾਂ ਨੂੰ ਵੋਟ ਪਾਉਣ ਉਪਰੰਤ ਅੱਜ ਹੋਟਲ ਪ੍ਰਬੰਧਕਾਂ ਵੱਲੋਂ ਸੁੰਦਰ ਫਲਦਾਰ ਬੂਟਿਆਂ ਨਾਲ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਮਹਾਜਨ ਨੇ ਦੱਸਿਆ ਕਿ ਇਹ ਉਪਰਾਲਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ.ਵਿਸ਼ੇਸ਼ ਸਾਰੰਗਲ ਆਈ.ਏ.ਐਸ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਹਰੇਕ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ-ਆਪਣੇ ਸਥਾਨ 'ਤੇ ਸਾਰੇ ਲੋੜੀਂਦੇ ਕਦਮ ਅਤੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਖਿੱਚ ਨੇ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਵਿੱਚ ਸੱਚਮੁੱਚ ਮਦਦ ਕੀਤੀ ਹੈ।