ਪਰਿਵਾਰਕ ਦੋਸਤ ਰਾਹੀਂ ਮਿਲਿਆ ਕਰਫਿਊ ਪਾਸ, ਲਾਮ ਲਸ਼ਕਰ ਲੈ ਫਾਰਮ ਹਾਊਸ ਪੁੱਜੇ ਕਰੋੜਪਤੀ ਵਪਾਰੀ, ਹੋਏ ਗ੍ਰਿਫਤਾਰ
ਮੁੰਬਈ, 10 ਅਪ੍ਰੈਲ, 2020 : ਵਪਾਰੀ ਕਪਿਲ ਤੇ ਧੀਰਜ ਵਧਵਾ, ਜਿਹਨਾਂ ਖਿਲਾਫ ਵਿੱਤੀ ਫਰਾਡ ਦੇ ਕਈ ਕੇਸ ਚਲ ਰਹੇ ਹਨ, ਨੂੰ ਵੀਰਵਾਰ ਨੂੰ ਲਾਕ ਡਾਊਨ ਦੀ ਉਲੰਘਣਾ ਦੇ ਦੋਸ਼ ਵਿਚ ਮਹਾਰਾਸ਼ਟਰ ਦੇ ਮਹਾਬਲੇਸ਼ਵਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਐਨ ਡੀ ਟੀ ਵੀ ਦੀ ਇਕ ਰਿਪੋਰਟ ਮੁਤਾਬਕ
ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੂੰ ਵਧਵਾ ਪਰਿਵਾਰ ਦੇ ਮੈਂਬਰਾਂ ਸਮੇਤ 23 ਜਣੇ ਹਿੱਲ ਸਟੇਸ਼ਨ 'ਤੇ ਸਥਿਤ ਪਰਿਵਾਰ ਦੇ ਫਾਰਮ ਹਾਊਸ ਤੋਂ ਮਿਲੇ। ਇਹ ਉਹੀ ਪਰਿਵਾਰ ਹੈ ਜੋ ਡੀ ਐਚ ਐਫ ਐਲ ਦਾ ਪ੍ਰੋਮੋਟਰ ਹੈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਪਰਿਵਾਰ ਨੇ ਆਪਣੇ ਕਰੀਬੀ ਆਈ ਪੀ ਐਸ ਅਫਸਰ ਰਾਹੀਂ ਕਰਫਿਊ ਪਾਸ ਹਾਸਲ ਕੀਤਾ ਜਿਸ ਨੇ ਇਹਨਾਂ ਦੇ ਦੌਰੇ 'ਐਮਰਜੰਸੀ' ਕਰਾਰ ਦਿੰਦਿਆਂ ਪਾਸ ਜਾਰੀ ਕਰਵਾਏ। ਫਿਰ ਇਹ ਪਰਿਵਾਰ ਪੰਜ ਕਾਰਾਂ ਵਿਚ ਮੁੰਬਈ ਤੋਂ 250 ਕਿਲੋਮੀਟਰ ਦੂਰ ਆਪਣੇ ਫਾਰਮ ਹਾਊਸ 'ਤੇ ਪੁੱਜ ਗਿਆ।
ਰਿਪੋਰਟ ਮੁਤਾਬਕ ਵਧਵਾ ਪਰਿਵਾਰ ਦੇ ਨਾਲ ਇਹਨਾਂ ਦੇ ਕੁੱਕ ਤੇ ਨੌਕਰ ਵੀ ਖੰਡਾਲਾ ਤੋਂ ਮਹਾਬਲੇਸ਼ਵਰ ਪੁੱਜੇ, ਉਹ ਵੀ ਉਦੋਂ ਜਦੋਂ ਪੂਨੇ ਤੇ ਸਤਾਰਾ ਜ਼ਿਲੇ ਪੂਰੀ ਤਰਾਂ ਸੀਲ ਹਨ। ਪੁਲਿਸ ਵੱਲੋਂ ਫੜੇ ਇਹਨਾਂ 23 ਵਿਅਕਤੀਆਂ ਵਿਚ ਇਕ ਇਟਲੀ ਤੋਂ ਆਇਆ ਬਾਡੀਗਾਰਡ ਵੀ ਸ਼ਾਮਲ ਸੀ। ਇਟਲੀ ਇਸ ਵੇਲੇ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਤ ਮੁਲਕ ਹੈ। ਪੁਲਿਸ ਨੇ ਇਹਨਾਂ ਸਾਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਇਹਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਪਿਲ ਤੇ ਧੀਰਜ ਵਧਵਾ ਦੇ ਖਿਲਾਫ ਸੀ ਬੀ ਆਈ ਨੇ ਲੁਕ ਆਊਟ ਨੋਟਿਸ ਜਾਰੀ ਕੀਤੇ ਹੋਏ ਹਨ। ਦੋਵੇਂ ਯੈਸ ਬੈਂਕ ਅਤੇ ਡੀ ਐਚ ਐਫ ਐਲ ਫਰਾਡ ਵਿਚ ਸ਼ਾਮਲ ਹਨ। ਹੁਣ ਇਕਾਂਤਵਾਸ ਖਤਮ ਹੋਣ 'ਤੇ ਸੀ ਬੀ ਆਈ ਇਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ।