ਅਸ਼ੋਕ ਵਰਮਾ
- ਕੋਰੋਨਾ ਵਾਇਰਸ ਨਾ ਸਬੰਧਿਤ ਪ੍ਰਾਪਤ ਕੀਤੇ 280 ਸੈਂਪਲ
ਮਾਨਸਾ, 22 ਅਪ੍ਰੈਲ 2020 - ਮਾਨਸਾ ਜ਼ਿਲ੍ਹੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਕੋਰੋਨਾ ਵਾਇਰਸ ਦੇ ਸੈਂਕੜੇ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕਰਨ ਵਾਲੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਰਣਜੀਤ ਸਿੰਘ ਰਾਏ (ਵਾਧੂ ਚਾਰਜ ਡਿਪਟੀ ਮੈਡੀਕਲ ਕਮਿਸ਼ਨਰ) ਨੂੰ ਡੀ.ਜੀ.ਪੀ. ਆਨਰ ਐਂਡ ਡਿਸਕ (ਪੁਲਿਸ ਮੈਡਲ) ਲਈ ਚੁਣਿਆ ਗਿਆ ਹੈ। ਡਾ. ਰਾਏ ਪੁਲਿਸ ਲਾਈਨ ਮਾਨਸਾ ਵਿਖੇ ਵੀ ਆਪਣੀਆਂ ਮੈਡੀਕਲ ਸੇਵਾਵਾਂ ਨਿਭਾਅ ਰਹੇ ਹਨ। ਡਾ. ਰਾਏ ਪੰਜਾਬ ਦੇ ਪਹਿਲੇ ਡਾਕਟਰ ਹਨ, ਜਿਨਾ ਨੂੰ ਪੁਿਲਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਉਨਾਂ ਨੂੂੰ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ, ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਅਤੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਦਾ ਸਹਿਯੋਗ ਰਿਹਾ ਹੈ, ਜਿਸ ਦੀ ਬਦੌਲਤ ਉਹ ਇਸ ਕੰਮ ਨੂੰ ਨੇਪਰੇ ਚਾੜ ਰਹੇ ਹਨ। ਉਨਾਂ ਕਿਹਾ ਕਿ ਐਸ.ਡੀ.ਐਮ. ਬੁਢਲਾਡਾ ਆਦਿਤਯ ਡੇਚਲਵਾਲ ਨੇ ਵੀ ਉਨਾਂ ਨੂੰ ਵੱਡਾ ਸਹਿਯੋਗ ਦਿੱਤਾ ਜੋਕਿ ਬੁਢਲਾਡਾ ’ਚ 11 ਕੋਰੋਨਾ ਪਾਜ਼ਿਟਿਵ ਵਿਅਕਤੀਆਂ ਦੇ ਮਾਮਲੇ ’ਚ ਉਨਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ।
ਡਿਪਟੀ ਕਮਿਸ਼ਨਰ ਸ਼ ਗੁਰਪਾਲ ਸਿੰਘ ਚਹਿਲ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ ਡਾ. ਰਣਜੀਤ ਸਿੰਘ ਰਾਏ ਵੱਲੋਂ ਕੀਤੇ ਕੰਮਾਂ ‘ਤੇ ਵਧਾਈ ਦਿੱਤੀ। ਉਨਾਂ ਕਿਹਾ ਕਿ ਬੁਢਲਾਡਾ ਵਿਖੇ ਕੋਰੋਨਾ ਵਾਇਰਸ ਨੂੰ ਲੈ ਕੇ ਤੇਜ਼ੀ ਨਾਲ ਸੈਂਪਲਿੰਗ ਕਰਨਾ ਕਾਫ਼ੀ ਸ਼ਲਾਘਾਯੋਗ ਰਿਹਾ ਹੈ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸੈਂਪਲਿੰਗ ਕਰਨਾ ਚੁਣੋਤੀਪੂਰਨ ਕਾਰਜ ਹੈ। ਉਨਾਂ ਕਿਹਾ ਕਿ ਡਾ. ਰਾਏ ਪਹਿਲੇ ਵਿਅਕਤੀ ਹਨ ਜਿਨਾਂ ਨੇ ਮਾਨਸਾ ਜ਼ਿਲੇ ਵਿੱਚ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਸਭ ਤੋਂ ਪਹਿਲਾਂ ਸ਼ੁਰੂ ਕੀਤੀ। ਉਨਾਂ ਕਿਹਾ ਕਿ ਡਾ. ਰਾਏ ਪੁਲਿਸ ਦੇ ਉਹ ਡਾਕਟਰ ਹਨ ਜਿੰਨਾਂ ਨੂੰ ਸਨਮਾਨਿਤ ਕਰਨ ਲਈ ਮਾਨਸਾ ਪੁਲਿਸ ਨੇ ਸਿਫਾਰਿਸ਼ ਕੀਤੀ ਹੈ।
ਡਾ. ਰਾਏ ਨੇ ਦੱਸਿਆ ਕਿ ਮਾਨਸਾ ਜ਼ਿਲੇ ’ਚ ਨੋਵਲ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਮਾਰਚ ਮਹੀਨੇ ’ਚ ਹੀ ਸ਼ੁਰੂ ਕਰ ਦਿੱਤੀ ਸੀ ਜਦੋਂ ਇਸ ਦਾ ਪ੍ਰਕੋਪ ਸਿਰਫ਼ ਚਾਈਨਾ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਸੀ। ਉਨਾਂ ਦੱਸਿਆ ਕਿ ਸਕੂਲਾਂ, ਕਾਲਜਾਂ, ਪਾਰਕਾਂ, ਜਿੰਮ, ਪੁਲਿਸ ਸਟੇਸ਼ਨ ਅਤੇ ਹੋਰ ਕਈ ਥਾਵਾਂ ਤੇ ਲੋਕਾਂ ਨੂੰ ਮਾਸਕ ਲਾਉਣ, ਸਮਾਜਿਕ ਦੂਰੀ ਬਣਾਉਣ ਅਤੇ ਆਪਣੇ ਹੱਥ ਬਾਰ-ਬਾਰ ਸੈਨੇਟਾਈਜ਼ ਕਰਨ ਦੀ ਮਹੱਤਤਾ ਸਝਾਈ ਗਈ ਹੈ। ਉਨਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ 50 ਦੇ ਕਰੀਬ ਕੈਂਪ ਲਗਾਏ ਗਏ। ਉਨਾਂ ਦੱਸਿਆ ਕਿ ਉਨਾਂ ਦੀ ਟੀਮ ਵਿੱਚ ਜ਼ਿਲਾ ਐਪੀਡਿਮਾਲੋਜਿਸਟ ਸੰਤੋਸ਼ ਭਾਰਤੀ, ਏ.ਐਸ.ਆਈ. ਬਲਵੰਤ ਸਿੰਘ ਭੀਖੀ ਅਤੇ ਗੁਰਲਾਭ ਸਿੰਘ ਮਾਹਲ ਸ਼ਾਮਲ ਸਨ।
ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਕਰੀਬ 280 ਸੈਂਪਲ ਇੱਕਤਰ ਕਰ ਚੁੱਕੇ ਹਨ ਜਿੰਨਾਂ ਚੋਂਂ 11 ਕੋਰੋਨਾ ਪਾਜ਼ਿਟਵ ਸਨ ਜਦੋਂ ਕਿ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨਾਂ ਦੱਸਿਆ ਕਿ ਸੰਕਟ ਦੀ ਘੜੀ ’ਚ ਇੱਕ ਡਾਕਟਰ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜੋ ਖੁਦ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕਾਂ ਦੀ ਜਾਨ ਬਚਾਉਣ ਨੂੰ ਤਰਜੀਹ ਦਿੰਦਾ ਹੈ। ਉਨਾਂ ਦੱਸਿਆ ਕਿ ਉਨਾਂ ਸਮੇਤ ਡਾ. ਅਰਸ਼ਦੀਪ ਅਤੇ ਡਾ. ਵਿਸ਼ਵਦੀਪ ਸਿੰਘ ਦੀ ਟੀਮ ਇਕਲੌਤੀ ਟੀਮ ਹੈ ਜੋ ਕੋਰੋਨਾ ਵਾਇਰਸ ਸਬੰਧੀ ਸੈਂਪਲ ਇਕੱਤਰ ਕਰ ਰਹੀ ਹੈ।