ਚੰਡੀਗੜ੍ਹ, 21 ਅਗਸਤ 2020 - ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ 28 ਅਗਸਤ ਨੂੰ ਹੋਣ ਜਾ ਰਿਹਾ ਹੈ। ਪਰ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਨ ਤੋਂ ਪਹਿਲਾਂ ਸਾਰੇ ਵਿਧਾਇਕ, ਅਧਿਕਾਰੀ ਅਤੇ ਕਰਮਚਾਰੀ ਆਪਣਾ-ਆਪਣਾ ਕੋਰੋਨਾ ਟੈਸਟ ਕਰਾਉਣਗੇ। ਪੰਜਾਬ 'ਚ ਕੋਰੋਨਾ ਦੇ ਦਿਨੋਂ ਦਿਨ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਬਿਨਾਂ ਸਾਰੇ ਵਿਧਾਇਕਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ਸਬੰਧੀ ਜਾਰੀ ਕੀਤੇ ਗਏ ਪ੍ਰੋਟੋਕਾਲ ਨੂੰ ਫਾਲੋ ਕਰਨਾ ਵੀ ਲਾਜ਼ਮੀ ਹੋਏਗਾ।
ਇਸ ਤੋਂ ਬਿਨਾਂ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਏਗਾ ਤਾਂ ਸਾਰੇ ਵਿਧਾਇਕਾਂ ਨੂੰ ਆਪਣੀ ਕੋਰੋਨਾ ਮੈਡੀਕਲ ਰਿਪੋਰਟ ਨਾਲ ਲੈ ਕੇ ਆਉਣੀ ਲਾਜ਼ਮੀ ਹੋਏਗੀ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਵਿਧਾਨ ਸਭਾ 'ਚ ਐਂਟਰੀ ਦਿੱਤੀ ਜਾਏਗੀ। ਤੁਹਾਨੂੰ ਦੱਸ ਦੇਈਏ ਕਿ ਹਾਲ 'ਚ ਪਿਛਲੇ ਕਈ ਦਿਨਾਂ 'ਚ ਪੰਜਾਬ ਦੇ ਕਈ ਵਿਧਾਇਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।