ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 18 ਅਕਤੂਬਰ 2020 - ਇਸ ਹਫਤੇ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਤਾਜ਼ਾ ਵਾਧਾ ਹੋਣ ਨਾਲ ਫਰਿਜ਼ਨੋ, ਰਾਜ ਦੇ ਰੰਗ-ਕੋਡ ਵਾਲੀ ਕੋਰੋਨਾ ਵਾਇਰਸ ਯੋਜਨਾ ਵਿਚ ਲਾਲ ਰੰਗ ਦੇ ਦਾਇਰੇ ਵਿੱਚ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕੋਵਿਡ-19 ਨਾਲ ਹੋਈਆਂ 5 ਮੌਤਾਂ ਦੀ ਪੁਸ਼ਟੀ ਕੀਤੀ ਹੈ ਜਿਸ ਨਾਲ ਮਾਰਚ ਤੋਂ ਮਹਾਂਮਾਰੀ ਫੈਲਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 429 ਹੋ ਗਈ ਹੈ। ਇਸਦੇ ਨਾਲ ਹੀ ਸ਼ੁੱਕਰਵਾਰ ਨੂੰ 77 ਨਵੇਂ ਕੇਸ ਦਰਜ ਹੋਣ ਨਾਲ ਫਰਿਜ਼ਨੋ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਕੁੱਲ 29,727 ਕੇਸ ਹੋ ਗਏ ਹਨ ਜਦਕਿ 19,612 ਲੋਕ ਠੀਕ ਵੀ ਹੋਏ ਹਨ।
ਇਸ ਸੰਬੰਧ ਵਿੱਚ ਫਰਿਜ਼ਨੋ ਕਾਉਂਟੀ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਦੇ ਰਹਿਣ। ਇਸ ਤੋਂ ਇਲਾਵਾ ਫਰਿਜ਼ਨੋ ਕਾਊਂਟੀ ਵਿਭਾਗ ਦੇ ਡਿਪਟੀ ਡਾਇਰੈਕਟਰ ਡੇਵਿਡ ਲੂਚੀਨੀ ਅਨੁਸਾਰ ਵੀ ਸਕੂਲਾਂ ਨੂੰ ਮੁੜ ਖੋਲਣ ਲਈ ਸਾਵਧਾਨੀ ਬਹੁਤ ਜਰੂਰੀ ਹੈ ਕਿਉਂਕਿ ਇਸ ਖੇਤਰ ਦੇ ਕੁਝ ਵੱਡੇ ਸਕੂਲ ਆਉਣ ਵਾਲੇ ਹਫ਼ਤਿਆਂ ਵਿੱਚ ਮੁੜ ਖੁੱਲ੍ਹ ਸਕਦੇ ਹਨ ਪਰ ਇਸ ਬਾਰੇ ਅਜੇ ਕੋਈ ਤਾਰੀਖ ਨਿਰਧਾਰਿਤ ਨਹੀਂ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਕੈਲੇਫੋਰਨੀਆ ਵਿਚ ਵੀ ਮੌਤਾਂ ਦੀ ਗਿਣਤੀ ਅਗਲੇ ਹਫਤੇ ਤੱਕ 17,000 ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਮਾਰਚ ਤੋਂ ਲੈ ਕੇ ਹੁਣ ਤੱਕ ਕੋਵਿਡ -19 ਨਾਲ ਕੈਲੇਫੋਰਨੀਆ ਵਿੱਚ 16,830 ਮੌਤਾਂ ਹੋਈਆਂ ਹਨ।