ਦੇਵਾ ਨੰਦ ਸ਼ਰਮਾ
- ਮਿਸ਼ਨ ਫਤਿਹ ਤਹਿਤ 65 ਕੋਰੋਨਾ ਮਰੀਜ਼ ਹੋਏ ਤੰਦਰੁਸਤ
- ਬਿਨਾਂ ਡਰ ਤੋਂ ਸ਼ੱਕ ਦੂਰ ਕਰਨ ਲਈ ਕਰਵਾਓ ਕੋਰੋਨਾ ਸੈਂਪਲ-ਸਿਵਲ ਸਰਜਨ ਡਾ.ਰਜਿੰਦਰ ਕੁਮਾਰ
ਫਰੀਦਕੋਟ, 22 ਸਤੰਬਰ 2020 - ਪੰਜਾਬ ਨੂੰ ਕੋਰੋਨਾ ਮੁਕਤ ਕਰਨ ਦੇ ਮੰਤਵ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਏ ਮਿਸ਼ਨ ਫਤਿਹ ਮੁਹਿੰਮ ਵਿੱਚ ਯੋਗਦਾਨ ਪਾਉਣ ,ਅਫਵਾਹਾਂ ਤੇ ਗਲਤ ਪ੍ਰਚਾਰ ਤੋਂ ਦੂਰ ਰਹਿ ਕੇ ਸਹਿਯੋਗ ਦੇਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ। ਫਰੀਦਕੋਟ ਜ਼ਿਲ੍ਹੇ ਵਿੱਚ ਕੋਰੋਨਾ ਦੀ ਚੇਨ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ,ਕੋਰੋਨਾ ਦਿਨੋਂ-ਦਿਨ ਆਪਣੇ ਪੈਰ ਪਸਾਰਦਾ ਹੀ ਜਾ ਰਿਹਾ ਹੈੈ। ਕੋਰੋਨਾ ਨੂੰ ਕੰਟਰੋਲ ਕਰਨ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਛੋਟੀ ਜਿਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ,ਸੁਚੇਤ ਹੋਵੋ, ਇਸ ਬਿਮਾਰੀ ਨਾਲ ਲੜਨ ਦੀ ਲੋੜ ਹੈ ਡਰਨ ਦੀ ਨਹੀਂ, ਜੇ ਕਿਸੇ ਨੂੰ ਲੱਛਣ ਨਾ ਵੀ ਹੋਣ ਸ਼ੱਕ ਦੂਰ ਕਰਨ ਲਈ ਬਿਨਾਂ ਕਿਸੇ ਡਰ ਤੋਂ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਸੈਂਪਲ ਦੇ ਸਕਦਾ ਹੈ,ਸਿਹਤ ਵਿਭਾਗ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਤੇ ਸਾਵਧਾਨੀਆਂ ਦੀ ਪਾਲਣਾ ਕਰਨਾ ਹੀ ਸਿਆਣਪ ਹੈ।ਡਾ.ਰਜਿੰਦਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ 68 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕੇ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ,ਐਕਟਿਵ ਕੇਸਾਂ ਦੀ ਗਿਣਤੀ ਹੁਣ 563 ਹੋ ਗਈ ਹੈ।
ਅੱਜ ਤੱਕ ਜ਼ਿਲੇ ਵਿੱਚੋਂ 30258 ਕੋਰੋਨਾ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 26531 ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦ ਕੇ 547 ਰਿਪੋਰਟਾਂ ਦੀ ਵਿਭਾਗ ਨੂੰ ਉਡੀਕ ਹੈ। ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਮਾਮਲੇ 2468 ਹੋ ਗਏ ਹਨ ਜਦ ਕੇ 1865 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਤੇ ਬਿਲਕੁਲ ਤੰਦਰੁਸਤ ਹਨ। ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ ਅਤੇ ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਕੋਰੋਨਾ ਤੋੋਂ ਬਚਾਅ ਸਬੰਧੀ ਜਾਗਰੂਕਤਾ ਸਰਗਰਮੀਆਂ ਤੇ ਸੈਂਪਲਿੰਗ ਪ੍ਰਕਿਰਿਆ ਦੀ ਸਹੀ ਜਾਣਕਾਰੀ ਦੇਣ ਲਈ ਵੱਖ-ਵੱਖ ਗਤੀਵਿਧੀਆਂ ਅਤੇ ਮੀਟਿੰਗਾਂ ਜਾਰੀ ਹਨ ।
ਸਿਹਤ ਸੰਸਥਾਵਾਂ ਕੋਟਕਪੂਰਾ,ਜੈਤੋ,ਬਾਜਾਖਾਨਾ,ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰਕੇ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ। ਜ਼ਿਲ੍ਹੇ ਵਿੱਚ ਆਈਸੋਲੇਸ਼ਨ ਵਾਰਡ ਬਾਜਾਖਾਨਾ,ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਕੀਤੇ ਗਏ ਹਨ,ਉਨ੍ਹਾਂ ਦੱਸਿਆ ਕਿ ਅੱਜ ਮਿਸ਼ਨ ਫਤਿਹ ਤਹਿਤ 65 ਵਿਅਕਤੀਆਂ ਨੂੰ ਕੋਰੋਨਾ ਤੋਂ ਤੰਦਰੁਸਤ ਹੋਏ ਹਨ,ਜ਼ਿਲੇ ਵਿੱਚ ਅੱਜ ਤੱਕ 40 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਜ਼ਿਲ੍ਹਾ ਨੋਡਲ ਅਫਸਰ ਕੋਵਿਡ-19 ਕਮ ਸਹਾਇਕ ਸਿਵਲ ਸਰਜਨ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਦੱਸਿਆ ਕਿ ਪਾਜ਼ੀਟਿਵ ਆਏ ਕੇਸ ਦੇ ਸੰਪਰਕ ‘ਚ ਆਏ ਪਰਿਵਾਰਕ ਮੈਂਬਰ ਅਤੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨਾਂ ਦੇ ਵੀ ਜਲਦ ਤੋਂ ਜਲਦ ਕੋਰੋਨਾ ਸੈਂਪਲ ਇਕੱਤਰ ਕਰਕੇ ਲੈਬ ਵਿੱਚ ਭੇਜੇ ਜਾ ਸਕਣ,ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਸ਼ੱਕ ਦੂਰ ਕਰਨ ਲਈ ਬਿਨਾ ਕਿਸੇ ਡਰ ਤੋਂ ਕੋਰੋਨਾ ਸੈਂਪਲ ਕਰਵਾਉਣ ਦੀ ਅਪੀਲ ਵੀ ਕੀਤੀ।