ਪਰਵਿੰਦਰ ਸਿੰਘ ਕੰਧਾਰੀ
- ਸਾਰਿਆਂ ਦੇ ਸਹਿਯੋਗ ਨਾਲ ਹੀ ਕੋਰੋਨਾ ਤੇ ਪਾਇਆ ਜਾ ਸਕਦਾ ਕਾਬੂ-ਡਾ.ਰਜਿੰਦਰ
- ਮਿਸ਼ਨ ਫਤਿਹ ਤਹਿਤ 21 ਕੋਰੋਨਾ ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ
ਫਰੀਦਕੋਟ, 1 ਸਤੰਬਰ 2020 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਤੇ ਕਾਬੂ ਪਾਉਣ ਲਈ ਸੂਬੇ ਭਰ 'ਚ ਮਿਸ਼ਨ ਫਤਿਹ ਚਲਾਇਆ ਹੋਇਆ ਹੈ।ਇਸ ਮਿਸ਼ਨ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੇ ਸਟਾਫ ਵੱਲੋਂ ਕੋਵਿਡ-19 ਤਹਿਤ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਆਈਆਂ ਜਾ ਰਹੀਆਂ ਹਨ।
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ 'ਚ ਅੱਜ 2 ਕੋਰੋਨਾ ਮਰੀਜ਼ਾਂ ਇੱਕ ਸਾਦਿਕ ਦੇ 70 ਸਾਲਾ ਬਜ਼ੁਰਗ ਅਤੇ ਦੂਸਰਾ ਪਿੰਡ ਘੁਮਿਆਰਾ ਦੇ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ, ਜਦ ਕੇ 53 ਕੋਰੋਨਾ ਦੇ ਨਵੇਂ ਮਾਮਲਿਆਂ ਦਾ ਕੋਰੋਨਾ ਦੀ ਚੇਨ ਵਾਧਾ ਹੋ ਗਿਆ ਹੈ ਜੋ ਚਿੰਤਾ ਵਿਸ਼ਾ ਹੈ,ਇਸ ਲਈ ਇਸ ਬਿਮਾਰੀ ਨਾਲ ਗੰਭੀਰਤਾ ਨਾਲ ਨਿਜੱਠਣ ਦੀ ਲੋੜ ਹੈ, ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ ਹੁਣ 533 ਹੋ ਗਈ ਹੈ।ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 300 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਸੈਂਪਲ ਇਕੱਤਰ ਕਰ ਲੈਬ ਵਿੱਚ ਭੇਜੇ ਗਏ ਹਨ।
ਅੱਜ ਤੱਕ ਜ਼ਿਲ੍ਹੇ ਵਿੱਚੋਂ 23309 ਕੋਰੋਨਾ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ ਜਿੰਨ੍ਹਾਂ ਵਿੱਚੋਂ 21251 ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦ ਕੇ 368 ਰਿਪੋਰਟਾਂ ਦੀ ਵਿਭਾਗ ਨੂੰ ਉਡੀਕ ਹੈ। ਜ਼ਿਲ੍ਹੇ ਦੇ 685 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਤੇ ਬਿਲਕੁਲ ਤੰਦਰੁਸਤ ਹਨ।ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਅਧਿਕਾਰੀਆਂ ਦੀਆ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਕੋਟਕਪੂਰਾ,ਜੈਤੋ,ਬਾਜਾਖਾਨਾ,ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰਕੇ ਲੈਬ ਨੂੰ ਜਾਂਚ ਲਈ ਭੇਜੇ ਜਾ ਰਹੇ ਹਨ।ਜ਼ਿਲੇ ਵਿੱਚ ਆਈਸੋਲੇਸ਼ਨ ਵਾਰਡ ਬਾਜਾਖਾਨਾ,ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਕੀਤੇ ਗਏ ਹਨ।
ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ ਅਤੇ ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੁਕਤਾ ਗਤੀਵਿਧੀਆਂ ਤੇ ਸੈਂਪਲਿੰਗ ਤੇਜ ਕਰਨ ਲਈ ਸਰਗਰਮੀਆਂ ਜਾਰੀ ਹਨ ।ਉਨਾਂ ਸਮੂਹ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੋ ਅਤੇ ਇਸ ਮਹਾਮਾਰੀ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦਿਓ।ਉਨ੍ਹਾਂ ਦੱਸਿਆ ਕਿ ਅੱਜ ਮਿਸ਼ਨ ਫਤਿਹ ਤਹਿਤ 21 ਵਿਅਕਤੀਆਂ ਨੂੰ ਕੋਰੋਨਾ ਤੋਂ ਤੰਦਰੁਸਤ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦ ਕਿ ਜ਼ਿਲੇ ਅੰਦਰ 14 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਐਪੀਡਿਮੋਲੋਜਿਸਟ ਡਾ.ਅਨੀਤਾ ਚੌਹਾਨ ਨੇ ਦੱਸਿਆ ਕਿ ਪਾਜ਼ੀਟਿਵ ਆਏ ਕੇਸ ਦੇ ਸੰਪਰਕ 'ਚ ਆਏ ਪਰਿਵਾਰਕ ਮੈਂਬਰ ਅਤੇ ਵਿਅਕਤੀਆਂ ਦੀ ਭਾਲ ਲਈ ਯਤਨ ਜਾਰੀ ਹਨ।ਉਨਾਂ ਕਿਹਾ ਕਿ ਜਿੰਨਾ ਵਿਅਕਤੀਆਂ ਨੂੰ ਫਲੂ ਦੇ ਲੱਛਣ ਨਾ ਵੀ ਹੋਣ ਜੇ ਉਹ ਕੋਰੋਨਾ ਦਾ ਸ਼ੱਕ ਦੂਰ ਕਰਨਾ ਚਹੁੰਦੇ ਹਨ ਤਾਂ ਉਹ ਨੇੜੇ ਦੇ ਫਲੂ ਕਾਰਨਰ ਤੇ ਸੈਂਪਲ ਦੇ ਸਕਦੇ ਹਨ।ਉਨ੍ਹਾਂ ਸਾਰਿਆਂ ਨੂੰ ਆਪਣੇ ਮੋਬਾਇਲ ਵਿੱਚ ਕੋਵਾ ਪੰਜਾਬ ਐਪ ਡਾਊਨਲੋਡ ਕਰਨ ਦੀ ਸਲਾਹ ਵੀ ਦਿੱਤੀ।