ਫਿਰੋਜ਼ਪੁਰ, 16 ਮਈ 2020 : ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਫਿਰੋਜ਼ਪੁਰ ਡਾ. ਨਯਨ (ਪੀਪੀਐੱਸ) ਨੇ ਦੱÎਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਅਧੀਨ ਆਉਂਦੀਆਂ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਜਿਵੇਂ ਕਿ ਫਿਰੋਜ਼ਪੁਰ, ਜ਼ੀਰਾ, ਮੱਖੂ, ਮੱਲਾਂਵਾਲਾ, ਮਮਦੋਟ, ਗੁਰੂਹਰਸਹਾਏ, ਮੁੱਦਕੀ ਅਤੇ ਤਲਵੰਡੀ ਭਾਈ ਸ਼ਹਿਰ ਵਿਚ ਕੋਰੋਨਾ ਵਾਇਰਸ ਵਿਰੁੱਧ ਲੜ ਰਹੀ ਜੰਗ ਵਿਚ ਆਪਣਾ ਯੋਗਦਾਨ ਅਤੇ ਡਿਊਟੀ ਵੱਖ ਵੱਖ ਕਾਰਜਾਂ ਰਾਹੀਂ ਨਿਭਾਈ ਜਾ ਰਹੀ ਹੈ। ਮੈਡਮ ਨਯਨ ਨੇ ਦੱਸਿਆ ਕਿ ਵੈਸੇ ਤਾਂ ਫਿਰੋਜ਼ਪੁਰ ਰੀਜਨ ਅਧੀਨ 4 ਜ਼ਿਲ੍ਹੇ ਅਤੇ ਲਗਭਗ 20 ਨਗਰ ਕੌਂਸਲ? ਨਗਰ ਪੰਚਾਇਤਾਂ ਆਉਂਦੀਆਂ ਹਨ, ਪਰ ਜੇਕਰ ਗੱਲ ਕਰੀਏ ਫਿਰੋਜ਼ਪੁਰ ਜ਼ਿਲ੍ਹੇ ਨੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਜਿਥੇ ਲਾਕ ਡਾਊਨ ਦੌਰਾਨ ਵੀ ਸਫਾਈ ਦਾ ਕੰਮ ਨਿਰੰਤਰ ਚੱਲ ਰਿਹਾ ਹੈ, ਉਥੇ ਸਪੈਸ਼ਲ ਸਫਾਈ ਅਭਿਆਨ ਵੀ ਚਲਾਏ ਜਾ ਰਹੇ ਹਨ। ਸ਼ਹਿਰ ਦੇ ਰਿਹਾਇਸ਼ੀ, ਕਮਰਸ਼ੀਅਲ, ਪਬਲਿਕ ਸਥਾਨਾਂ, ਧਾਰਮਿਕ ਸਥਾਨ, ਪੁਲਿਸ ਥਾਣੇ, ਬੈਂਕ, ਏਟੀਐੱਮ, ਸਰਕਾਰੀ ਅਤੇ ਪ੍ਰਾਈਵੇਟ ਦਫਤਰ ਆਦਿ ਤੇ ਰੋਜ਼ਾਨਾ ਪੱਧਰ ਤੇ ਸੈਨੇਟਾਈਜ ਕਰਵਾਇਆ ਜਾ ਰਿਹਾ ਹੈ। ਸ਼ਹਿਰਾਂ ਅੰਦਰ ਸੈਨੇਟਾਈਜ਼ੇਸ਼ਨ ਤੋਂ ਇਲਾਵਾ ਫੋਗਿੰਗ ਅਤੇ ਕੀਟਾਣੂ ਨਾਸ਼ਕ ਦਾ ਸਪਰੇਅ ਦਾ ਕੰਮ ਵੀ ਨਿਰੰਤਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਸਾਰੇ ਦੇਸ਼ ਵਿਚ ਲੋਕਾਂ ਨੂੰ ਇਸ ਵਾਇਰਸ ਦੇ ਪ੍ਰਕੋਪ ਤੋਂ ਜਾਗਰੂਕ ਕਰਨ ਲਈ ਅਤੇ ਲਾਕ ਡਾਊਨ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਜਿਥੇ ਮੁਨਾਦੀ, ਇਸ਼ਤਿਹਾਰ, ਫਲੈਕਸ ਬੈਨਰ ਆਦਿ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਫਿਰੋਜ਼ਪੁਰ ਵੱਲੋਂ ਇਸ ਪ੍ਰਤੀ ਜਾਗਰੂਕ ਕਰਨ ਲਈ ਨਿਵੇਕਲਾ ਉਪਰਾਲਾ ਕੀਤਾ ਹੈ ਕਿ ਸ਼ਹਿਰ ਦੀਆਂ ਮੇਨ ਸੜਕਾਂ ਤੇ ਰੋਡ ਤੇ ਸਲੋਗਨ, ਪੇਂਟਿੰਗ ਆਦਿ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਿੱਤਰਕਾਰੀ ਕੀਤੀ ਗਈ ਹੈ, ਫਿਰੋਜ਼ਪੁਰ ਦੇ ਇਸੇ ਨਿਵੇਕਲਾ ਉਪਰਾਲੇ ਤੋਂ ਬਾਅਦ ਕਈ ਜ਼ਿਲ੍ਹਿਆਂ ਅਤੇ ਸ਼ਹਿਰਾਂ ਨੇ ਫਿਰੋਜ਼ਪੁਰ ਦੀ ਤਰਜ ਤੇ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸਮੂਹ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੇ ਅਧਿਕਾਰੀ, ਕਰਮਚਾਰੀ ਜੋ ਇਸ ਵਾਇਰਸ ਖਿਲਾਫ ਆਪਣੀ ਡਿਊਟੀ ਨਿਭਾ ਰਹੇ ਹਨ ਉਹ ਸ਼ਲਾਘਾ ਦੇ ਪਾਤਰ ਹਨ ਅਤੇ ਉਹ ਉਮੀਦ ਕਰਦੀ ਹੈ ਕਿ ਭਵਿੱਖ ਵਿਚ ਵੀ ਉਹ ਆਪਣੀ ਡਿਊਟੀ ਇਸੇ ਪ੍ਰਕਾਰ ਨਿਭਾਉਂਦੇ ਰਹਿਣਗੇ ਅਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਸ਼ਹਿਰ ਦੀਆਂ ਸਥਾਨਕ ਸਰਕਾਰ ਦਾ ਸਹਿਯੋਗ ਕਰਨ।