ਫਿਰੋਜ਼ਪੁਰ ਜ਼ਿਲ੍ਹੇ ਦੀਆਂ ਚਾਰੇ ਵਿਧਾਨਸਭਾ ਸੀਟਾਂ ਤੋਂ ਆਮ ਆਦਮੀ ਦੇ ਉਮੀਦਵਾਰ ਰਹੇ ਜੇਤੂ
- ਫਿਰੋਜ਼ਪੁਰ ਸ਼ਹਿਰ ਤੋਂ ਰਣਬੀਰ ਸਿੰਘ ਭੁੱਲਰ, ਗੁਰੂਹਰਸਹਾਏ ਤੋਂ ਫੌਜਾ ਸਿੰਘ, ਜ਼ੀਰਾ ਤੋਂ ਨਰੇਸ਼ ਕਟਾਰੀਆ ਅਤੇ ਫਿਰੋਜ਼ਪੁਰ ਦਿਹਾਤੀ ਤੋਂ ਰਜਨੀਸ਼ ਕੁਮਾਰ ਦਹੀਆ ਰਹੇ ਜੇਤੂ
- ਜ਼ਿਲ੍ਹਾ ਚੋਣ ਅਫਸਰ ਅਤੇ ਐਸਐਸਪੀ ਵੱਲੋਂ ਚੋਣ ਸ਼ਾਂਤੀਪੂਰਵਕ ਮੁਕੰਮਲ ਹੋਣ ਤੇ ਸਮੂਹ ਵਰਗਾਂ ਦਾ ਧੰਨਵਾਦ
ਫ਼ਿਰੋਜ਼ਪੁਰ 10 ਮਾਰਚ 2022 - ਫਿਰੋਜ਼ਪੁਰ ਜ਼ਿਲ੍ਹੇ ਦੇ ਚਾਰੇ ਵਿਧਾਨਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਚੋਣਾਂ ਦੇ ਨਤੀਜਿਆਂ ਵਿਚ ਜ਼ਿਲੇ ਦੇ ਚਾਰਾਂ ਵਿਧਾਨ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
ਚੋਣਾਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ-75 ਜ਼ੀਰਾ ਤੋ ਆਮ ਆਦਮੀ ਦੇ ਉਮੀਦਵਾਰ ਨਰੇਸ਼ ਕਟਾਰੀਆ ਨੇ 64034 ਵੋਟਾਂ, ਵਿਧਾਨਸਭਾ ਹਲਕਾ-76 ਫ਼ਿਰੋਜ਼ਪੁਰ ਸ਼ਹਿਰੀ ਤੋਂ ਆਮ ਆਦਮੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਨੇ 48443 ਵੋਟਾਂ, ਵਿਧਾਨ ਸਭਾ ਹਲਕਾ-77 ਫ਼ਿਰੋਜ਼ਪੁਰ (ਦਿਹਾਤੀ) ਤੋਂ ਆਮ ਆਦਮੀ ਦੇ ਉਮੀਦਵਾਰ ਰਜਨੀਸ਼ ਦਹੀਆ ਨੇ 75293 ਵੋਟਾਂ ਅਤੇ ਵਿਧਾਨ ਸਭਾ ਹਲਕਾ-78 ਗੁਰੂਹਰਸਹਾਏ ਤੋਂ ਆਮ ਆਦਮੀ ਦੇ ਉਮੀਦਵਾਰ ਫੌਜਾ ਸਿੰਘ ਨੇ 68343 ਵੋਟਾਂ ਪ੍ਰਾਪਤ ਕਰ ਕੇ ਪਹਿਲੇ ਨੰਬਰ ਤੇ ਰਹਿ ਕੇ ਜਿੱਤ ਹਾਸਲ ਕੀਤੀ।
ਵਿਧਾਨਸਭਾ ਚੋਣਾਂ ਦੇ ਨਤੀਜੇ ਵਿਚ ਹਲਕਾ ਜ਼ੀਰਾ-75 ਤੋਂ ਸ਼ੋਮਣੀ ਕਾਲੀ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਂਖੋਂ 41258 ਵੋਟਾਂ ਲੈ ਕੇ ਦੂਜੇ ਨੰਬਰ ਤੇ, ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ 40615 ਵੋਟਾਂ ਲੈ ਕੇ ਤੀਜੇ ਨੰਬਰ ਅਤੇ ਬੀਜੇਪੀ ਉਮੀਦਵਾਰ ਅਵਤਾਰ ਸਿੰਘ ਜ਼ੀਰਾ 2007 ਵੋਟਾਂ ਲੈ ਕੇ ਚੋਥੇ ਨੰਬਰ ਤੇ ਰਹੇ। ਵਿਧਾਨਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ-76 ਤੋਂ ਦੂਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 28874 ਵੋਟਾਂ, ਤੀਜੇ ਨੰਬਰ ਤੇ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ 24635 ਵੋਟਾਂ ਅਤੇ ਚੋਥੇ ਨੰਬਰ ਤੇ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਰੋਹਿਤ ਵੋਹਰਾ ਨੇ 17757 ਵੋਟਾਂ ਪ੍ਰਾਪਤ ਕੀਤੀਆਂ।
ਵਿਧਾਨਸਭਾ ਹਲਕਾ ਫਿਰੋਜ਼ਪੁਰ ਦਿਹਾਤੀ-77 ਤੋਂ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ 47547 ਵੋਟਾਂ ਨਾਲ ਦੂਜੇ ਨੰਬਰ ਤੇ, ਕਾਂਗਰਸ ਦੇ ਉਮੀਦਵਾਰ ਆਸ਼ੂ ਭਾਂਗਰ 20396 ਵੋਟਾਂ ਪ੍ਰਾਪਤ ਕਰ ਕੇ ਤੀਜੇ ਨੰਬਰ ਤੇ ਰਹੇ। ਇਸ ਤਰ੍ਹਾਂ ਵਿਧਾਨਸਭਾ ਹਲਕਾ ਗੁਰੂਹਰਸਹਾਏ-78 ਤੋਂ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੌਨੀ ਮਾਨ 57769 ਵੋਟਾਂ ਪ੍ਰਾਪਤ ਕਰ ਕੇ ਦੂਜੇ ਨੰਬਰ ਤੇ, ਕਾਂਗਰਸ ਦੇ ਉਮੀਦਵਾਰ ਵਿਜੇ ਕੁਮਾਰ 5578 ਵੋਟਾਂ ਪ੍ਰਾਪਤ ਕਰ ਕੇ ਤੀਜੇ ਨੰਬਰ ਤੇ ਅਤੇ ਬੀਜੇਪੀ ਦੇ ਗੁਰਪ੍ਰਵੇਜ 3988 ਵੋਟਾਂ ਪ੍ਰਾਪਤ ਕਰ ਕੇ ਚੋਥੇ ਨੰਬਰ ਤੇ ਰਹੇ।
ਵੋਟਾਂ ਦੇ ਮਤਦਾਨ ਦੀ ਗਿਣਤੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਮੂਹ ਵਰਗਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਅਮਲ ਨੂੰ ਨੇਪਰੇ ਚਾੜਨ ਲਈ ਸਮੂਹ ਉਮੀਦਵਾਰਾਂ ਅਤੇ ਉਨਾਂ ਦੇ ਕਾਊਂਟਿੰਗ ਏਜੰਟਾਂ ਵੱਲੋਂ ਵੋਟਾਂ ਦੀ ਗਿਣਤੀ ਮੌਕੇ ਪੂਰਨ ਸਹਿਯੋਗ ਦਿੱਤਾ ਗਿਆ ਹੈ। ਉਨਾਂ ਚੋਣ ਅਮਲ ਨੂੰ ਨੇਪਰੇ ਚਾੜਨ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਚੋਣ ਨਿਗਰਾਨਾਂ, ਜ਼ਿਲੇ ਦੇ ਸਮੂਹ ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ, ਚੋਣ ਅਮਲੇ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ, ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਸਮੇਤ ਸਮੂਹ ਜ਼ਿਲਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਜ਼ਿਲਾ ਪੁਲਿਸ ਮੁਖੀ ਸ੍ਰੀ ਨਰਿੰਦਰ ਭਾਰਗਵ ਨੇ ਵੀ ਸਮੁੱਚੇ ਚੋਣ ਅਮਲ ਦੌਰਾਨ ਜ਼ਿਲਾ ਵਾਸੀਆਂ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਚੋਣ ਅਮਲ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਨ ਲਈ ਉਨਾਂ ਦਾ ਧੰਨਵਾਦ ਕੀਤਾ।