ਅਸ਼ੋਕ ਵਰਮਾ
ਨਥਾਣਾ, 31 ਜੁਲਾਈ 2020 - ਕੋਰੋਨਾ ਮਹਾਮਾਰੀ ਦੇ ਵਧਦੇ ਕਹਿਰ ਕਰ ਕੇ ਨਥਾਣਾ ਅਤੇ ਪਿੰਡ ਗਿੱਦੜ ਹਾਟ ਸਪਾਟ ਖੇਤਰ ਐਲਾਨ ਦਿੱਤਾ ਹੈ। ਉਕਤ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਘਰੋਂ ਬਹੁਤ ਘੱਟ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਨਥਾਣਾ ਦੇ ਬਜ਼ਾਰਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਨੂੰ 15 ਦਿਨ ਤੱਕ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਦੋਂ ਕਿ ਪਿੰਡ ਗਿੱਦੜ ਨੂੰ ਦਸ ਦਿਨ ਲਈ ਹਾਟ ਸਪਾਟ ਐਲਾਨ ਕੀਤਾ ਗਿਆ ਹੈ। ਇਨ੍ਹਾਂ ਦਿਨਾਂ 'ਚ ਦੋਵਾਂ ਪਿੰਡਾਂ ਦੇ ਲੋਕ ਬਿਨਾਂ ਜ਼ਰੂਰੀ ਕੰਮ ਤੋਂ ਆਪਣੇ ਘਰਾਂ 'ਚੋਂ ਬਾਹਰ ਨਹੀਂ ਆ ਸਕਣਗੇ।
ਬੁੱਧਵਾਰ ਦੁਪਹਿਰ ਸਮੇਂ ਨਥਾਣਾ ਦੀ ਪੁਲਿਸ ਨੇ ਬਜ਼ਾਰਾਂ 'ਚ ਖੁੱਲ੍ਹੀਆਂ ਦੁਕਾਨਾਂ ਅਣਮਿਥੇ ਸਮੇਂ ਲਈ ਬੰਦ ਕਰਵਾ ਦਿੱਤੀਆਂ ਹਨ। ਦੂਜੇ ਪਾਸੇ ਸਿਵਲ ਹਸਪਤਾਲ ਨਥਾਣਾ ਦੇ ਤਕਰੀਬਨ ਸਾਰੇ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਤੇ ਨਥਾਣਾ ਦੇ ਕੌਂਸਲਰਾਂ ਤੋਂ ਇਲਾਵਾ ਹੋਰ ਵੀ 12 ਦੇ ਕਰੀਬ ਨਥਾਣਾ ਵਾਸੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ। ਪ੍ਰਸ਼ਾਸਨ ਨੇ ਪਿੰਡ ਗਿੱਦੜ ਨੂੰ ਵੀ ਹਾਟ ਸਪਾਟ ਇਲਾਕਾ ਘੋਸ਼ਿਤ ਕੀਤਾ ਹੈੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਥਾਣਾ ਨਥਾਣਾ ਦੇ ਸਾਰੇ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਥਾਣੇ ਦੇ ਨਾਲ ਲੱਗਦੀ ਮਾਰਕੀਟ ਨੂੰ ਕੰਟੇਨਮੈਂਟ ਜ਼ੋਨ ਐਲਾਨਦਿਆਂ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਖੋਲ੍ਹਣ ਸਬੰਧੀ ਪੁਖਤਾ ਰਿਪੋਰਟ ਕੋਈ ਨਹੀਂ ਹੈ ਕਿ ਕਦੋਂ ਪ੍ਰਸ਼ਾਸਨ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦਿੰਦਾ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਦੋ ਹਫਤਿਆਂ ਦਾ ਸਮਾਂ ਕੋਰੋਨਾ ਮਹਾਮਾਰੀ ਨਾਲ ਸਬੰਧਤ ਪੀੜਤ ਲੋਕਾਂ ਨੂੰ ਇਕਾਂਤਵਾਸ ਕੀਤਾ ਜਾਂਦਾ ਹੈ। ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਥਾਣਾ ਨਥਾਣਾ 'ਚ ਪਾਜ਼ੀਟਿਵ ਪਾਏ ਜਾਣ ਵਾਲੀਆਂ ਰਿਪੋਰਟਾਂ ਨੂੰ ਤਕਰੀਬਨ ਇਕ ਹਫਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ, ਉਸ ਸਮੇਂ ਤਾਂ ਪ੍ਰਸ਼ਾਸਨ ਨੇ ਹਾਟ ਸਪਾਟ ਇਲਾਕਾ ਨਹੀਂ ਐਲਾਨਿਆਂ ਪਰ ਹੁਣ ਜਦੋਂ ਨਥਾਣਾ ਨਗਰਵਾਸੀਆਂ ਦੀਆਂ ਕੋਰੋਨਾ ਰਿਪੋਰਟਾਂ ਨੈਗੇਟਿਵ ਆ ਰਹੀਆਂ ਹਨ ਤਾਂ ਸੰਵੇਦਨਸ਼ੀਲ ਘੋਸ਼ਿਤ ਕਰਨ ਦੀ ਕੀ ਜ਼ਰੂਰਤ ਪੈ ਗਈ ? ਇਸ ਤਰ੍ਹਾਂ ਨਾਲ ਇਕ ਦਮ ਬਾਜ਼ਾਰ ਬੰਦ ਕਰਵਾਉਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ। ਥਾਣਾ ਨਥਾਣਾ ਦੇ ਮੁਖੀ ਤਰਨਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਪਿੰਡਾਂ 'ਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਦਮ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਦਰਾਂ ਦਿਨ ਲਈ ਬਾਜ਼ਾਰ ਮੁਕੰਮਲ ਬੰਦ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਜ਼ਰੂਰੀ ਕੰਮ ਆਪਣੇ ਘਰਾਂ ਤੋਂ ਬਾਹਰ ਨਾ ਆਉਣ। ਉਨ੍ਹਾਂ ਕਿਹਾ ਕਿ ਜੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਨਹੀਂ ਹੋਵੇਗਾ ਤਾਂ ਨਥਾਣਾ ਨੂੰ ਖੋਲ੍ਹ ਦਿੱਤਾ ਜਾਵੇਗਾ। ਜੇ ਕੋਰੋਨਾ ਪੀੜਤਾਂ ਦੀ ਗਿਣਤੀ ਵਧਦੀ ਹੈ ਤਾਂ ਬੰਦ ਨੂੰ ਕੁਝ ਦਿਨਾਂ ਲਈ ਹੋਰ ਵਧਾ ਦਿੱਤਾ ਜਾਵੇਗਾ।