ਅਸ਼ੋਕ ਵਰਮਾ
ਬਠਿੰਡਾ, 1 ਸਤੰਬਰ 2020 - ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ’ਚ ਕੋਰੋਨਾ ਵਾਇਰਸ ਦੇ ਸੈਂਪਲ ਲੈਣ ਨੂੰ ਲੈਕੇ ਰੱਫੜ ਪੈ ਗਿਆ ਹੈ। ਪੰਚਾਇਤ ਨੇ ਅੱਜ ਇਸ ਮਾਮਲੇ ’ਚ ਸੈਂਪਲ ਲੈਣ ਗਈ ਟੀਮ ਨੂੰ ਕੋਰਾ ਜਵਾਬ ਦੇ ਦਿੱਤਾ ਹੈ। ਇਸ ਤੋਂ ਬਾਅਦ ਐਸਐਮਓ ਸੰਗਤ ਨੇ ਸਿਵਲ ਸਰਜਨ ਬਠਿੰਡਾ ਨੂੰ ਪੱਤਰ ਲਿਖ ਕੇ ਲੁੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਪ੍ਰਬੰਧ ਕਰਨ ਵਾਸਤੇ ਪੱਤਰ ਵੀ ਲਿਖ ਦਿੱਤਾ ਹੈ। ਐਸਐਮਓ ਨੇ ਗਹਿਰੀ ਬੁੱਟਰ ਵੱਲੋਂ ਲਿਖਤੀ ਰੂਪ ’ਚ ਦਿੱਤੀ ਚਿੱਠੀ ਵੀ ਸਿਵਲ ਸਰਜਨ ਨੂੰ ਭੇਜੀ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਵਧਦੇ ਕਹਿਰ ਨੇ ਤਾਂ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਸਿਰਜਿਆ ਹੀ ਹੈ, ਉਪਰੋਂ ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢ ਲੈਣ ਦੀਆਂ ਅਫਵਾਹਾਂ ਕਾਰਨ ਲੋਕ ਹੋਰ ਖੌਫ਼ਜ਼ਦਾ ਹੋ ਗਏ ਹਨ।
ਇਸ ਕਾਰਨ ਹੀ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਸੈਂਪਿਗ ਤੋਂ ਇਨਕਾਰੀ ਹੋ ਰਹੇ ਹਨ ਅਤੇ ਕੋਰੋਨਾ ਟੈਸਟ ਕਰਵਾਉਣ ਤੋਂ ਵੀ ਜਵਾਬ ਦੇਣ ਲੱਗੇ ਹਨ। ਇਸ ਸਬੰਧੀ ਜ਼ਿਲ੍ਹੇ ਦੀਆਂ ਕਈ ਪੰਚਾਇਤਾਂ ਨੇ ਸੈਂਪਲ ਨਾ ਦੇਣ ਅਤੇ ਪਾਜ਼ੀਟਿਵ ਆਉਣ ’ਤੇ ਮਰੀਜ਼ ਨੂੰ ਸਿਹਤ ਵਿਭਾਗ ਕੋਲ ਨਾ ਭੇਜਣ ਦੇ ਮਤੇ ਪਾ ਦਿੱਤੇ ਹਨ। ਜਾਣਕਾਰੀ ਅਨੁਸਾਰ ਅੱਜ ਪਿੰਡ ਗਹਿਰੀ ਬੁੱਟਰ ਵਿੱਚ ਲੋਕਾਂ ਦੇ ਵਿਰੋਧ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਬਿਨਾਂ ਸੈਂਪਲ ਲਿਆਂ ਹੀ ਮੁੜਨਾ ਪਿਆ ਏ। ਇਹ ਸਥਿਤੀ ਕੋਰੋਨਾ ਖ਼ਿਲਾਫ਼ ਜਾਰੀ ਸਰਕਾਰ ਦੀ ਮੁਹਿੰਮ ਨੂੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਲੱਗੀ ਹੈ। ਹਾਲਾਂਕਿ ਸਰਕਾਰ ਮਿਸ਼ਨ ਫਤਿਹ ਰਾਹੀਂ ਕੋਰੋਨਾ ਤੇ ਕਾਬੂ ਪਾ ਲੈਣ ਦਾ ਦਾਅਵਾ ਕਰਦੀ ਆ ਰਹੀ ਹੈ ਪਰ ਪੇਂਡੂ ਲੋਕਾਂ ਦੀ ਬੇਵਿਸ਼ਵਾਸ਼ੀ ਸਰਕਾਰੀ ਬੇੜੀਆਂ ’ਚ ਵੱਟੇ ਪਾਉਣ ਵਾਲੀ ਸਾਬਤ ਹੋਣ ਲੱਗੀ ਹੈ।
ਪਿੰਡ ਗਹਿਰੀ ਬੁੱਟਰ ਦੀ ਪੰਚਾਇਤ ਨੇ ਮਤਾ ਪਾਇਆ ਹੈ ਕਿ ਉਨ੍ਹਾਂ ਦੇ ਪਿੰਡ ’ਚ ਕੋਰੋਨਾ ਦਾ ਕੋਈ ਮਰੀਜ਼ ਨਹੀਂ ਅਤੇ ਨਾ ਹੀ ਕੋਈ ਵਿਅਕਤੀ ਬਾਹਰੋਂ ਆਇਆ ਹੈ। ਪੰਚਾਇਤ ਅਨੁਸਾਰ ਜੇ ਕੋਈ ਵੀ ਪਿੰਡ ਦਾ ਵਸਨੀਕ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ, ਤਾਂ ਉਸ ਨੂੰ ਪਿੰਡ ਵਿਚ ਹੀ ਇਕਾਂਤਵਾਸ ਕਰਕੇ ਆਪਣੀ ਦੇਖ ਰੇਖ ’ਚ ਇਲਾਜ ਕੀਤਾ ਜਾਵੇੇਗਾ। ਮਤੇ ’ਚ ਆਖਿਆ ਗਿਆ ਹੈ ਕਿ ਹੰਗਾਮੀ ਹਾਲਤ ’ਚ ਹੀ ਮਰੀਜ਼ ਨੂੰ ਸਿਹਤ ਵਿਭਾਗ ਹਵਾਲੇ ਕੀਤਾ ਜਾਏਗਾ। ਇਹ ਵੀ ਆਖਿਆ ਹੈ ਕਿ ਜੋ ਕਰੋਨਾ ਫੰਡ ਆਉਣਗੇ ਤਾ ਸਿਹਤ ਵਿਭਾਗ ਨੂੰ ਪੰਚਾਇਤ ਹਵਾਲੇ ਕਰ ਦੇਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਅਜਿਹੇ ਗੰਭੀਰ ਹਾਲਾਤ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਕਾਰਨ ਬਣੇ ਹਨ। ਸੋਸ਼ਲ ਮੀਡੀਆ ’ਤੇ ਇਹ ਗੱਲ ਜੋਰ ਦੇ ਕੇ ਆਖੀ ਜਾ ਰਹੀ ਹੈ ਕਿ ਹਸਪਤਾਲਾਂ ਵਿੱਚ ਕੋਰੋਨਾ ਮ੍ਰਿਤਕਾਂ ਦੇ ਅੰਗ ਕੱਢ ਲਏ ਜਾਂਦੇ ਹਨ। ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨੂੰ ਅਫਵਾਹ ਕਰਾਰ ਦਿੰਦਿਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ ਫਿਰ ਵੀ ਇਹ ਸਿਲਸਿਲਾ ਰੁਕਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ।
ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਾਂਗੇ: ਸਿਵਲ ਸਰਜਨ
ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਮੰਨਿਆ ਕਿ ਅਫ਼ਵਾਹਾਂ ਕਾਰਨ ਸਿਹਤ ਵਿਭਾਗ ਨੂੰ ਸੈਂਪਲ ਲੈਣ ’ਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਆਖਿਆ ਕਿ ਗਹਿਰੀ ਬੁੱਟਰ ਦਾ ਮਸਲਾ ਵੱਡਾ ਨਹੀਂ ਹੈ ਅਤੇ ਪੰਚਾਇਤ ਤੇ ਪਿੰਡ ਵਾਸੀਆਂ ਨੂੰ ਪ੍ਰੇਰਿਤ ਕਰਕੇ ਰਾਜੀ ਕਰ ਲਿਆ ਜਾਏਗਾ। ਉਨਾਂ ਸਪੱਸ਼ਟ ਕੀਤਾ ਕਿ ਕਰੋਨਾ ਮ੍ਰਿਤਕਾਂ ਦੇ ਅੰਗ ਕੱਢਣ ਜਾਂ ਨੈਗੇਟਿਵ ਹੁੰਦਿਆਂ ਹੀ ਪਾਜ਼ੀਟਿਵ ਐਲਾਨਣ ਦੀ ਚਰਚਾ ਕੋਰੀਆਂ ਅਫਵਾਹਾਂ ਹਨ।