ਅਸ਼ੋਕ ਵਰਮਾ
- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਧੰਨਵਾਦ
ਬਠਿੰਡਾ, 5 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਦੇ ਦਾਨੀ ਸੱਜਣਾ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜਰੀ ਵਿਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਜ਼ਿਲਾ ਪੱਧਰ ਤੇ ਸਥਾਪਿਤ ‘ਬਠਿੰਡਾ ਕੋਵਿਡ ਰਾਹਤ ਫੰਡ’ ਲਈ 13.64 ਲੱਖ ਰੁਪਏ ਦੀ ਸਹਾਇਤਾ ਦੇ ਚੈਕ ਭੇਂਟ ਕੀਤੇ। ਇਸ ਮੌਕੇ ਬਾਦਲ ਨੇ ਸਾਰੇ ਹੀ ਦਾਨਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਚਮੁੱਚ ਇਹ ਪੂਰੀ ਕੌਮ ਲਈ ਪਰਖ ਦੀ ਘੜੀ ਹੈ ਅਤੇ ਅਸੀਂ ਸਭ ਨੇ ਸਾਡੇ ਲੋੜਵੰਦ ਲੋਕਾਂ ਦੀ ਮਦਦ ਕਰਕੇ ਆਪਣੀਆਂ ਉੱਚ ਰਵਾਇਤਾਂ ਨੂੰ ਬਣਾਈ ਰੱਖਣਾ ਹੈ। ਉਨ੍ਹਾਂ ਨੇ ਮੋਹਰਲੀਆਂ ਸਫਾਂ ਵਿਚ ਇਸ ਬਿਮਾਰੀ ਖਿਲਾਫ ਲੜ ਰਹੇ ਸਮੂਹ ਸਰਕਾਰੀ ਵਿਭਾਗਾਂ ਅਤੇ ਗੈਰ ਸਰਕਾਰੀ ਸਮਾਜਿਕ ਜੱਥੇਬੰਦੀਆਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਲੋਕ ਸਾਡੇ ਸਮਾਜ ਨੂੰ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ।
ਬਾਦਲ ਨੇ ਕਿਹਾ ਕਿ ਬੇਸ਼ਕ ਸਰਕਾਰੀ ਤੌਰ ਤੇ ਰਾਹਤ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਹੈ ਪਰ ਫਿਰ ਵੀ ਅਸੀਂ ਸਾਡੇ ਦਾਨਵੀਰਾਂ ਦੇ ਧੰਨਵਾਦੀ ਹਾਂ ਜੋ ਸਮਾਜ ਸੇਵਾ ਲਈ ਅੱਗੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਜ਼ਿਲ੍ਹੇ ਵਿਚ ਜੋ ਰਾਹਤ ਕਾਰਜ ਚੱਲ ਰਹੇ ਹਨ ਉਨਾਂ ਦਾ ਪ੍ਰਬੰਧ ਲੋਕਾਂ ਤੋਂ ਪ੍ਰਾਪਤ ਸਹਿਯੋਗ ਵਿਚੋਂ ਹੀ ਹੋ ਰਿਹਾ ਹੈ ਅਤੇ ਹਾਲੇ ਸਰਕਾਰੀ ਫੰਡ ਦੀ ਵਰਤੋਂ ਦੀ ਜਰੂਰਤ ਵੀ ਨਹੀਂ ਪਈ ਹੈ। ਇਸ ਮੌਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਕੋਰੋਨਾ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਵਿਜੈ ਕੁਮਾਰ ਜਿੰਦਲ ਵੱਲੋਂ 5 ਲੱਖ ਰੁਪਏ, ਡੀਪੀ ਗੋਇਲ ਗਰੀਨ ਸਿਟੀ ਵੱਲੋਂ 2.51 ਲੱਖ ਰੁਪਏ, ਰਾਇਸ ਸ਼ੈਲਰ ਐਸੋਸੀਏਸ਼ਨ ਵੱਲੋਂ 1 ਲੱਖ ਰੁਪਏ, ਪੈਟਰੋਲੀਅਮ ਪੰਪ ਐਸੋਸੀਏਸ਼ਨ ਵੱਲੋਂ 1 ਲੱਖ ਰੁਪਏ, ਰਿਟੇਲ ਕਰਿਆਣਾ ਐਸੋਸੀਏਸ਼ਨ ਵੱਲੋਂ 1 ਲੱਖ ਰੁਪਏ, ਇੰਡਸਟਰੀਅਲ ਗ੍ਰੋਥ ਸੈਂਟਰ ਐਸੋਸਿਏਸ਼ਨ ਵੱਲੋਂ 1 ਲੱਖ ਰੁਪਏ, ਮਨੂੰ ਇੰਜਨੀਅਰਜ਼ ਐਂਡ ਟ੍ਰੇਡਰਜ਼ 1 ਲੱਖ ਰੁਪਏ, ਯੋਗੇਸ਼ ਕੁਮਾਰ ਠੇਕੇਦਾਰ 51 ਹਜਾਰ ਰੁਪਏ, ਪੰਜਾਬ ਮੈਡੀਕਲ ਰਿਪਰੈਜਟੈਟਿਵ 31 ਹਜਾਰ ਰੁਪਏ, ਮਾਡਲ ਟਾਉਨ ਦੇ ਵਸੰਦਿਆਂ ਵੱਲੋਂ 31 ਹਜਾਰ ਰੁਪਏ ਦੀ ਰਕਮ ਜ਼ਿਲ੍ਹਾ ਪੱਧਰੀ ਫੰਡ ਲਈ ਦਿੱਤੀ ਗਈ।
ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਸਨਮਾਨਿਤ ਨਾਗਰਿਕ ਜੋ ਇਸ ਫੰਡ ਵਿਚ ਸਹਿਯੋਗ ਕਰਨਾ ਚਾਹੁੰਦੇ ਹਨ ਉਹ ‘ਬਠਿੰਡਾ ਕੋਵਿਡ ਰਲੀਫ ਫੰਡ’ ਐਚ.ਡੀ.ਐਫ.ਸੀ. ਬੈਂਕ ਦੇ ਖਾਤਾ ਨੰਬਰ 50100342803123 ਵਿਚ ਜਮਾਂ ਕਰਵਾਈ ਜਾ ਸਕਦਾ ਹੈ। ਇਸ ਸ਼ਾਖਾ ਦਾ ਆਈ.ਐਫ.ਐਸ.ਸੀ. ਕੋਡ ‘ਐਚ.ਡੀ.ਐਫ.ਸੀ. 0000187’ ਹੈ।