ਅਸ਼ੋਕ ਵਰਮਾ
- 64 ਹੋਰ ਰਿਪੋਰਟਾਂ ਵੀ ਆਈਆਂ ਨੈਗੇਟਿਵ ਡਿਪਟੀ ਕਮਿਸ਼ਨਰ
ਬਠਿੰਡਾ, 12 ਮਈ 2020 - ਮੰਗਲਵਾਰ ਦੀ ਸ਼ਾਮ ਬਠਿੰਡਾ ਜ਼ਿਲ੍ਹੇ ਲਈ ਰਾਹਤ ਦੀ ਖ਼ਬਰ ਆਈ ਜਦ ਜ਼ਿਲ੍ਹੇ ਦੀ ਪਹਿਲੀ ਕੋਰੋਨਾ ਮਰੀਜ ਦੀ ਪਹਿਲੀ ਪੁਨਰ ਪੜਤਾਲ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਇਸ ਤੋਂ ਬਿਨਾਂ 64 ਹੋਰ ਨੈਗੇਟਿਗ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਸ ਮਹਿਲਾ ਦੀ ਅੱਜ ਨੈਗੇਟਿਵ ਰਿਪੋਰਟ ਪ੍ਰਾਪਤ ਹੋਈ ਹੈ ਉਸ ਦਾ ਇਕ ਹੋਰ ਨਮੂਨਾ ਜਾਂਚ ਲਈ ਭੇਜਿਆ ਜਾਵੇਗਾ ਤੇ ਜੇਕਰ ਉਹ ਵੀ ਨੈਗੇਟਿਵ ਪ੍ਰਾਪਤ ਹੋਇਆ ਤਾਂ ਉਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸੇ ਤਰਾਂ ਪਹਿਲੇ ਦਿਨ ਆਏ ਦੋ ਮਰੀਜਾਂ ਵਿਚੋਂ ਇਸ ਮਹਿਲਾ ਤੋਂ ਇਲਾਵਾ ਦੂਸਰੇ ਮਰੀਜ ਦੀ ਪਹਿਲੀ ਪੁਨਰ ਜਾਂਚ ਰਿਪੋਰਟ ਪਾਜਿਟਿਵ ਆਈ ਹੈ, ਉਨਾਂ ਦਾ 5 ਦਿਨ ਦੇ ਵਕਫੇ ਬਾਅਦ ਮੁੜ ਨਮੂਨਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਨਾਲ ਲੜ ਰਹੇ ਮਰੀਜ ਚੜਦੀਕਲਾਂ ਵਿਚ ਹਨ ਅਤੇ ਉਨਾਂ ਦਾ ਮਨੋਬਲ ਉਚਾ ਹੈ ਅਤੇ ਉਹ ਤੇਜੀ ਨਾਲ ਤੰਦਰੁਸਤੀ ਵੱਲ ਵੱਧ ਰਹੇ ਹਨ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਭ ਦੀ ਮਾਹਿਰ ਡਾਕਟਰਾਂ ਵੱਲੋਂ ਦੇਖਰੇਖ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਜੇਕਰ ਉਕਤ ਮਹਿਲਾ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆ ਗਈ ਤਾਂ ਉਸਤੋਂ ਬਾਅਦ ਜ਼ਿਲੇ ਦੇ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 40 ਰਹਿ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਸਾਰੀਆਂ ਸਿਹਤ ਸਲਾਹਾਂ ਤਾ ਸਖ਼ਤੀ ਨਾਲ ਪਾਲਣ ਕਰਨ।ਓਧਰ ਜ਼ਿਲੇ ਦੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਅੱਜ 68 ਨਵੇਂ ਨਮੂਨੇ ਜਾਂਚ ਲਈ ਭੇਜੇ ਗਏ ਹਨ।