ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿਦਿਆਰਥੀਆਂ ਦਾ ਸਲਾਨਾ ਸਮਾਰੋਹ
ਗੁਰਤੇਜ ਸਿੰਘ ਗਿੱਲ, ਗੁਰਦਾਸ ਸਿੰਘ ਖੋਸਾ ਅਤੇ ਗੁਰਵਿੰਦਰ ਸਿੰਘ ਸੰਘਾ ਸਨਮਾਨਿਤ
ਹਰਦਮ ਮਾਨ
ਸਰੀ, 18 ਨਵੰਬਰ-ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਸਲਾਨਾ ਮਿਲਣੀ ਸਮਾਰੋਹ (ਰੀ-ਯੂਨੀਅਨ ਪਾਰਟੀ) ਬੰਬੇ ਬੈਂਕੁਇਟ ਹਾਲ, ਸਰੀ ਵਿਖੇ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਪੁਰਾਣੇ ਵਿਦਿਆਰਥੀ ਗੁਰਤੇਜ ਸਿੰਘ ਗਿੱਲ, ਗੁਰਦਾਸ ਸਿੰਘ ਖੋਸਾ ਅਤੇ ਅੰਤਰ-ਰਾਸ਼ਟਰੀ ਪਹਿਲਵਾਨ ਗੁਰਵਿੰਦਰ ਸਿੰਘ ਸੰਘਾ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਕਰਨ ਸ਼ੇਰਪੁਰੀ ਦੇ ਗੀਤਾਂ ਨਾਲ ਹੋਈ। ਫਿਰ ਗੁਰਪ੍ਰੀਤ ਢਿੱਲੋਂ ਨੇ ਹਿੱਕ ਦੇ ਜ਼ੋਰ ਨਾਲ ਕੁਲਦੀਪ ਮਾਣਕ ਦੀਆਂ ਕਲੀਆਂ ਗਾਈਆਂ। ਪੰਜਾਬ ਤੋਂ ਆਏ ਗਾਇਕ ਦੀਪਾ ਜ਼ੈਲਦਾਰ ਨੇ ਤਿੰਨ ਗੀਤ ਗਾ ਕੇ ਖੂਬ ਵਾਹ ਵਾਹ ਖੱਟੀ ਅਤੇ ਮੀਰਾ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ਪੇਸ਼ ਕਰ ਕੇ ਸਭ ਦਾ ਮਨ ਮੋਹਿਆ।
ਐਮ.ਐਲ.ਏਂ ਜਗਰੂਪ ਸਿੰਘ ਬਰਾੜ ਨੇ ਬਰਜਿੰਦਰ ਕਾਲਜ ਦੀਆਂ ਵਿਦਿਅਕ ਪ੍ਰਾਪਤੀਆਂ ਦਾ ਵਰਨਣ ਕਰਦਿਆਂ ਕਿਹਾ ਕਿ ਇਸ ਕਾਲਜ ਦਾ ਇਤਿਹਾਸ ਬੜਾ ਮਾਣਮੱਤਾ ਹੈ। ਇਸ ਕਾਲਜ ਦੇ ਵਿਦਿਆਰਥੀਆਂ ਨੇ ਸਮਾਜਿਕ, ਸੱਭਿਆਚਾਰਕ, ਵਿਦਿਅਕ, ਰਾਜਨੀਤਕ, ਖੇਡਾਂ, ਸਾਹਿਤ ਅਤੇ ਆਰਥਿਕ ਖੇਤਰ ਵਿਚ ਅਹਿਮ ਮੱਲਾਂ ਮਾਰੀਆਂ ਹਨ।
ਅੰਤ ਵਿਚ ਸਾਰਾ ਹਾਲ ਗਿੱਧੇ, ਭੰਗੜੇ ਦੀ ਤਾਲ ‘ਤੇ ਨੱਚ ਉਠਿਆ। ਸਮਾਰੋਹ ਦਾ ਸੰਚਾਲਨ ਦਰਸ਼ਨ ਸੰਘਾ ਅਤੇ ਅੰਗਰੇਜ਼ ਸਿੰਘ ਬਰਾੜ ਨੇ ਕੀਤਾ।