ਬਰਨਾਲਾ : ਕੋਰੋਨਾ ਵਾਇਰਸ ਦੀ ਕਰੋਪੀ ਜਾਰੀ, 3 ਸ਼ੱਕੀ ਮਰੀਜ਼ਾਂ ਚੋਂ 1 ਦੀ ਰਿਪੋਰਟ ਮਿਲੀ ਨੈਗੇਟਿਵ
-22 ਏਕੜ ਦੀ ਦਾਖਿਲ ਮਰੀਜ਼ ਸਣੇ 2 ਦੀ ਰਿਪੋਰਟ ਅੱਜ ਮਿਲਣ ਦੀ ਸੰਭਾਵਨਾ
ਹਰਿੰਦਰ ਨਿੱਕਾ
ਬਰਨਾਲਾ 21 ਮਾਰਚ 2020
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਪੁਸ਼ਤੈਨੀ ਜਿਲ੍ਹੇ ਬਰਨਾਲਾ ਚ, ਕੋਰੋਨਾ ਵਾਇਰਸ ਦੀ ਕਰੋਪੀ ਜਾਰੀ ਹੈ, ਲੋਕ ਸਹਿਮੇ ਹੋਏ ਹਨ ਤੇ ਪ੍ਰਸ਼ਾਸ਼ਨ ਮੁਸਤੈਦੀ ਨਾਲ ਬਚਾਉ ਕੰਮਾਂ ਵਿੱਚ ਲੱਗਾ ਹੋਇਆ ਹੈ। ਬਰਨਾਲਾ ਹਸਪਤਾਲ ਵਿੱਚ ਭਰਤੀ ਕੋਰੋਨਾ ਦੇ ਸ਼ੱਕੀ 3 ਮਰੀਜਾਂ ਚੋਂ ਠੁੱਲੀਵਾਲ ਪਿੰਡ ਦੇ ਮਰੀਜ਼ ਦੀ ਮਿਲੀ ਨੈਗੇਟਿਵ ਰਿਪੋਰਟ ਲੋਕਾਂ ਨੂੰ ਹੋਂਸਲਾ
ਦੇਣ ਵਾਲੀ ਹੈ ਜਦੋਂ ਕਿ ਬਰਨਾਲਾ ਸ਼ਹਿਰ ਦੇ ਪੌਸ਼ ਖੇਤਰ ਦੇ ਤੌਰ ਤੇ ਪਹਿਚਾਣ ਰੱਖਦਾ 22 ਏਕੜ ਇਲਾਕਾ ਹਾਲੇ ਵੀ ਸੀਲ ਤੇ ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਦੇਖ ਰੇਖ ਵਿੱਚ ਹੀ ਹੈ। ਸ਼ਹਿਰ ਦੇ ਦੋਵਾਂ ਸ਼ੱਕੀ ਮਰੀਜਾਂ ਦੀ ਜਾਂਚ ਲਈ ਰਜਿੰਦਰਾ ਹਸਪਤਾਲ ਭੇਜੀ ਰਿਪੋਰਟ ਅੱਜ ਆਉਣ ਦੀ ਸੰਭਾਵਨਾ ਹੈ। ਹੁਣ ਲੋਕਾਂ ਦੀਆਂ ਨਜ਼ਰਾਂ ਇਹਨਾਂ ਦੋਵਾਂ ਸ਼ੱਕੀ ਮਰੀਜਾਂ ਦੀਆਂ ਰਿਪੋਰਟਾਂ ਤੇ ਟਿਕੀਆਂ ਹੋਈਆਂ ਹਨ। 22 ਏਕੜ ਇਲਾਕੇ ਨੂੰ ਸੀਲ ਕਰ ਦੇਣ ਨਾਲ ਆਸ ਪਾਸ ਦੇ ਖੇਤਰਾਂ ਦੇ ਲੋਕਾਂ ਚ, ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਵਿੱਚ ਹਰ ਪਾਸੇ ਸਨਾਟਾ ਪਸਰਿਆ ਹੋਇਆ ਹੈ।
-22 ਏਕੜ ਦੇ 24 ਹੋਰ ਵਿਅਕਤੀਆਂ ਤੇ ਵੀ ਸਿਹਤ ਵਿਭਾਗ ਦੀ ਪੈਣੀ ਨਜ਼ਰ
ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਹਾਲੇ ਤੱਕ ਸ਼ਹਿਰ ਦਾ 22 ਏਕੜ ਇਲਾਕਾ ਹੀ ਸਭ ਤੋਂ ਵਧੇਰੇ ਕੋਰੋਨਾ ਵਾਇਰਸ ਦੇ ਹਮਲੇ ਕਾਰਣ ਸੰਵੇਦਨਸ਼ੀਲ ਰੱਖਿਆ ਗਿਆ ਹੈ। ਇਸੇ ਹੀ ਖੇਤਰ ਦੇ ਨੌ ਪਰਵਿਾਰਾਂ ਦੇ 24 ਦੇ ਕਰੀਬ ਹੋਰ ਵਿਅਕਤੀਆਂ ਨੂੰ ਵੀ ਸਿਹਤ ਵਿਭਾਗ ਨੇ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ। ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਮੰਨਿਆ ਕਿ ਇਸ ਇਲਾਕੇ ਦੇ ਕਾਫੀ ਗਿਣਤੀ ਵਿੱਚ ਵਿਅਕਤੀਆਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਲਤ ਭਾਂਵੇ ਕਾਫੀ ਗੰਭੀਰ ਹਨ, ਜ਼ਰਾ ਜਿੰਨੀ ਕੋਤਾਹੀ ਵੀ ਘਾਤਕ ਸਾਬਿਤ ਹੋ ਸਕਦੀ ਹੈ। ਪਰੰਤੂ ਹਾਲੇ ਤੱਕ ਜਿਲ੍ਹੇ ਦੇ ਕਿਸੇ ਵੀ ਸ਼ੱਕੀ ਮਰੀਜ਼ ਦੀ ਰਿਪੋਰਟ ਪਾਜੇਟਿਵ ਨਹੀ ਆਈ ਹੈ, ਇਹੋ ਹੀ ਸੁਖਦ ਖਬਰ ਹੈ। ਡਾਕਟਰ ਮਨਪ੍ਰੀਤ ਸਿੱਧੂ ਨੇ ਦੱਸਿਆ ਕਿ 22 ਏਕੜ ਇਲਾਕੇ ਦੇ ਉੱਨ੍ਹਾਂ ਵਿਅਕਤੀਆਂ ਨੂੰ ਸ਼ੱਕੀ ਨਜ਼ਰ ਨਾਲ ਵੇਖਿਆ ਜਾ ਰਿਹਾ, ਜੋ ਪਿਛਲੇ ਦਿਨੀਂ ਹੀ, ਦੁਬਈ ਤੋਂ ਕਿਸੇ ਸ਼ਾਦੀ ਸਮਾਰੋਹ ਵਿੱਚ ਭਾਗ ਲੈ ਕੇ ਬਰਨਾਲਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਵਿਅਕਤੀਆਂ ਦੀ ਕਾਊਂਸਲਿੰਗ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ,ਨਜ਼ਲਾ/ਜੁਕਾਮ/ਖਾਂਸੀ ਜਾਂ ਪੇਟ ਦਰਦ ਦੀ ਤਕਲੀਫ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਹੀ ਇਸਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ।
-ਕੋਰੋਨਾ ਤੋਂ ਬਚਾਉ, ਬਿਨਾਂ ਜਰੂਰੀ ਕੰਮ ਘਰੋਂ ਬਾਹਰ ਨਾ ਆਉ
ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਕਿਹਾ ਕਿ ਕੋਰੋਨਾ ਤੋਂ ਬਚਾਉ ਦਾ ਸਭ ਤੋਂ ਕਾਰਗਰ ਤਰੀਕਾ ਹੈ। ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਆਉ। ਉੱਨ੍ਹਾਂ ਕਿਹਾ ਕਿ ਲੋਕਾਂ ਨੂੰ ਡਰਨ ਦੀ ਬਜਾਏ, ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਦੀ ਤਰਫੋਂ ਸਮੇਂ ਸਮੇਂ ਤੇ ਜਾਰੀ ਹਿਦਾਇਤਾਂ ਦੀ ਪਾਲਣਾ ਜਰੂਰੀ ਹੈ। ਥੋੜ੍ਹੀ ਜਿਹੀ ਕੋਤਾਹੀ ਵੀ ਜਾਨਲੇਵਾ ਸਾਬਿਤ ਹੋ ਸਕਦੀ ਹੈ।
-ਮਾਸਕ ਤੇ ਸੈਨਟਾਈਜ਼ਰ ਦੀ ਕਮੀ,ਪ੍ਰਸ਼ਾਸ਼ਨ ਕਰੇ ਪ੍ਰਬੰਧ
ਬੇਸ਼ੱਕ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਲੋਕਾਂ ਨੂੰ ਮੂੰਹ ਤੇ ਮਾਸਕ ਪਾ ਕੇ ਘਰੋਂ ਬਾਹਰ ਨਿੱਕਲਣ ਅਤੇ ਹੱਥਾਂ ਨੂੰ ਸਾਫ ਕਰਨ ਲਈ ਸੈਨਟਾਈਜਰ ਦੀ ਵਰਤੋਂ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।।ਪਰੰਤੂ ਹਾਲਤ ਇਹ ਹੈ ਕਿ ਜਿਲ੍ਹੇ ਅੰਦਰ ਮਾਸਕ ਤੇ ਸੈਨਟਾਈਜ਼ਰ ਦੀ ਭਾਰੀ ਕਮੀ ਆ ਗਈ ਹੈ। ਜਿਲ੍ਹਾ ਪੱਧਰੀ ਸਿਵਲ ਹਸਪਤਾਲ ਵਿੱਚ ਖੁੱਲ੍ਹੀ ਜਨ ਔਸ਼ਧੀ ਦੀ ਦੁਕਾਨ ਤੇ ਮਾਸਕ ਤੇ ਸੈਨਟਾਈਜ਼ਰ ਹੀ ਨਹੀ ਮਿਲ ਰਿਹਾ। ਇਹੋ ਜਿਹੇ ਹਾਲਤ ਵਿੱਚ ਲੋਕ ਕਿੱਧਰ ਜਾਣ। ਉਧਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਰੋੜਾ ਨੇ ਦੱਸਿਆ ਕਿ ਜਿਲ੍ਹੇ ਭਰ ਅੰਦਰ ਹੀ ਮਾਸਕ ਤੇ ਸੈਨਟਾਈਜ਼ਰ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਲੋਕਾਂ ਦੀ ਮੰਗ ਤੇ ਸਪਲਾਈ ਵਿੱਚ ਵੱਡਾ ਪਾੜਾ ਪੈ ਗਿਆ ਹੈ। ਅਰੋੜਾ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲੋਕਾਂ ਲਈ ਮਾਸਕ ਤੇ ਸੈਨਟਾਈਜ਼ਰ ਪਹੁੰਚਾਉਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਸਾਰੇ ਕੈਮਿਸਟਾਂ ਨੇ ਫੈਸਲਾ ਕਰ ਲਿਆ ਹੈ ਕਿ ਆਫਤ ਦੀ ਇਸ ਘੜੀ ਵਿੱਚ ਵਧੇਰੇ ਮੁਨਾਫੇ ਦੀ ਬਜਾਏ ਇਨਸਾਨੀਅਤ ਨੂੰ ਬਚਾਇਆ ਜਾਵੇ। ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਅਤੇ ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਲੋਕ ਪ੍ਰੇਸ਼ਾਨ ਹਨ। ਪ੍ਰਸ਼ਾਸ਼ਨਿਕ ਅਧਿਕਾਰੀ ਗਰੀਬ ਤੇ ਜਰੂਰਤਮੰਦ ਲੋਕਾਂ ਨੂੰ ਮਾਸਕ ਤੇ ਸੈਨਟਾਈਜ਼ਰ ਮੁਹੱਈਆ ਕਰਵਾਉਣ ਲਈ ਕੋਈ ਯਤਨ ਹੀ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਜਲਦ ਤੋਂ ਜਲਦ ਪੇਂਡੂ ਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਤੱਕ ਮਾਸਕ ਤੇ ਸੈਨਟਾਈਜ਼ਰ ਪਹੁੰਚਾਉਣ ਲਈ ਠੋਸ ਕਦਮ ਚੁੱਕੇ।