ਹਰਿੰਦਰ ਨਿੱਕਾ
- ਖਤਰਨਾਕ ਹਾਲਾਤਾਂ ਨੂੰ ਇੱਕ ਹੱਦ ਅੰਦਰ ਹੀ ਕੰਟਰੋਲ ਕਰਨ ਦੀ ਕਵਾਇਦ ਸ਼ੁਰੂ
ਬਰਨਾਲਾ, 12 ਅਪ੍ਰੈਲ 2020 - ਜਿਲ੍ਹੇ ਦੇ ਸਭ ਤੋਂ ਵੱਡੇ ਕਸਬੇ ਮਹਿਲ ਕਲਾਂ 'ਚ ਕੋਵਿਡ 19 ਦਾ ਖਤਰਾ ਹੋਰ ਵੀ ਵਧ ਗਿਆ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨਾਲ ਪੈਦਾ ਹੋ ਰਹੇ ਖਤਰਨਾਕ ਹਾਲਾਤਾਂ ਨੂੰ ਇੱਕ ਹੱਦ ਤੱਕ ਸੀਮਤ ਰੱਖਣ ਲਈ ਪ੍ਰਸ਼ਾਸਨ ਨੂੰ ਮਜ਼ਬੂਰੀ ਵੱਸ ਲੋਕਾਂ ਦੀ ਸਿਹਤ ਤੇ ਮੰਡਰਾ ਰਹੇ ਖਤਰੇ ਨੂੰ ਠੱਲ੍ਹਣ ਲਈ ਪੂਰੇ ਮਹਿਲ ਕਲਾਂ ਕਸਬੇ ਨੂੰ ਹੀ ਕੰਨਟੇਂਨਮੈਂਟ ਜੋਨ ਘੋਸ਼ਿਤ ਕਰਨਾ ਪਿਆ ਹੈ। ਹੁਣ ਇਸ ਇਲਾਕੇ ਦੇ ਲੋਕਾਂ ਦਾ ਕਿਸੇ ਵੀ ਹਾਲਤ 'ਚ ਘਰਾਂ ਜਾਂ ਇਲਾਕੇ ਤੋਂ ਬਾਹਰ ਨਿੱਕਲਣਾ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਦੀਆਂ ਖਾਣ ਪੀਣ ਦੀਆਂ ਚੀਜਾਂ, ਗੈਸ ਸਿਲੰਡਰ, ਸਬਜੀਆਂ ਤੇ ਫਲ, ਦੁੱਧ ਦੀ ਸਪਲਾਈ ਅਤੇ ਐਮਰਜੈਂਸੀ ਹਾਲਤ ਚ,ਟੈਸਟ ਤੇ ਦਵਾਈਆਂ ਆਦਿ ਪਹੁੰਚਾਉਣ ਦੀ ਜਿੰਮੇਵਾਰੀ ਹੁਣ ਪ੍ਰਸ਼ਾਸਨ ਨੇ ਆਪਣੇ ਮੋਢਿਆਂ ਤੇ ਲੈ ਲਈ ਹੈ।
-ਹਰ ਘਰ ਦੇ ਮੈਂਬਰ ਦਾ ਹੋਵੇਗਾ ਮੈਡੀਕਲ ਚੈਕਅੱਪ
ਜਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਇਹ ਹੁਕਮ ਜ਼ਾਰੀ ਕਰਦੇ ਹੋਏ ਕਿਹਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੋਰ ਟੂ ਡੋਰ ਜਾ ਕੇ ਹਰ ਘਰ ਦੇ ਮੈਂਬਰ ਦਾ ਮੈਡੀਕਲ ਚੈਕਅੱਪ ਕਰਨਗੀਆਂ ਅਤੇ ਚੈਕ ਕੀਤੇ ਵਿਅਕਤੀਆਂ ਦੀ ਰਿਕਾਰਡ ਸੂਚੀ ਉਨਾਂ ਦੇ ਦਫਤਰ ਨੂੰ ਭੇਜ਼ਣਗੀਆਂ। ਇਲਾਕੇ 'ਚ ਮੈਡੀਕਲ ਐਮਰਜੈਂਸੀ ਲਈ, ਇੱਕ ਐਂਬੂਲੈਂਸ 24 ਘੰਟੇ ਹਾਜ਼ਿਰ ਰੱਖੀ ਜਾਵੇਗੀ। ਇਸ ਪੂਰੇ ਇਲਾਕੇ ਦੀ ਕਮਾਨ ਐਸਡੀਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੂੰ ਸੰਭਾਲੀ ਗਈ ਹੈ। ਜਦੋਂ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਐਸਪੀ ਐਂਟੀਨਾਰਕੋਟਿਕ ਰੁਪਿੰਦਰ ਭਾਰਦਵਾਜ ਦੀ ਹੋਵੇਗੀ, ਜਿੰਨ੍ਹਾਂ ਦਾ ਸਾਥ ਡੀਐਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਦੇਣਗੇ।
-ਕਿਹੜੇ ਅਧਿਕਾਰੀ ਨੂੰ ਦਿੱਤੀ ਕੀ ਜਿੰਮੇਵਾਰੀ....
- ਡਿਊਟੀ ਮੈਜਿਸਟ੍ਰੇਟ- ਨਵਜੋਤ ਤਿਵਾੜੀ, ਨਾਇਬ ਤਹਿਸੀਲਦਾਰ, ਮਹਿਲ ਕਲਾਂ।
- ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਬਰਨਾਲਾ- ਅਤਿੰਦਰ ਕੌਰ
ਕੰਮ.....
ਇਹ ਲੋਕਾਂ ਲਈ ਖਾਣ ਪੀਣ ਦੀਆਂ ਜਰੂਰੀ ਚੀਜਾਂ ਅਤੇ ਗੈਸ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣਗੇ ਅਤੇ ਗੈਸ ਸਿਲੰਡਰ ਸਪਲਾਈ ਕਰਨ ਵਲਿਆਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਪਾਸ ਜਾਰੀ ਕਰਨਗੇ।
- ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ-ਡਾਕਟਰ ਚਰਨਜੀਤ ਸਿੰਘ
ਕੰਮ....ਦੁੱਧ ਦੀ ਸਪਲਾਈ ਯਕੀਨੀ ਬਣਾਉਣਗੇ ਅਤੇ ਦੁੱਧ ਸਪਲਾਈ ਕਰਨ ਵਲਿਆਂ ਦੀ ਸੂਚੀ ਤਿਆਰ ਕਰਕੇ ਡੀਐਮ ਦਫਤਰ ਨੂੰ ਮੁਹੱਈਆ ਕਰਵਾਉਣਗੇ।
- ਬੀ.ਡੀ.ਪੀ.ਉ. ਮਹਿਲ ਕਲਾਂ - ਭੂਸ਼ਣ ਕੁਮਾਰ
ਕੰਮ...ਕੰਨਟੇਂਨਮੈਂਟ ਜੋਨ ਦੀ ਅਤੇ ਇਸ ਖੇਤਰ ਦੇ ਆਵਾਜਾਈ ਦੇ ਵ੍ਰਹੀਕਲਾਂ, ਦੀ 100 ਪ੍ਰਤੀਸ਼ਤ ਸਾਈਨੀਟਾਈਜੇਸ਼ਨ ਯਕੀਨੀ ਬਣਾਉਣਗੇ। ਆਉਣ-ਜਾਣ ਵਾਲੇ ਵਿਅਕਤੀਆਂ ਦਾ ਰਿਕਾਰਡ ਵੀ ਰੱਖਣਗੇ ।
- ਪੰਚਾਇਤ ਸਕੱਤਰ ਮਹਿਲ ਕਲਾਂ- ਗੁਰਦੀਪ ਸਿੰਘ
ਕੰਮ...ਕੰਨਟੇਂਨਮੈਂਟ ਜੋਨ ਯਾਨੀ ਸੀਲ ਕੀਤੇ ਇਸ ਖੇਤਰ ਦੀ ਸਾਫ ਸਫਾਈ ਕਰਵਾਉਣਗੇ ਅਤੇ ਇਸ ਸਬੰਧੀ ਰਿਕਾਰਡ ਵੀ ਰੱਖਣਗੇ।
- ਡੀ.ਡੀ.ਪੀ.ਉ.- ਸੰਜੀਵ ਕੁਮਾਰ
ਕੰਮ....ਇਸ ਖੇਤਰ ਚ, ਰਹਿਣ ਵਾਲੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਗੇ ਅਤੇ ਇਸ ਸਬੰਧੀ ਰਿਕਾਰਡ ਵੀ ਰੱਖਣਗੇ। ਇਨ੍ਹਾਂ ਦਾ ਸਹਿਯੋਗ ਜਿਲ੍ਹਾ ਰੈਡ ਕਰਾਸ ਸੁਸਾਇਟੀ ਬਰਨਾਲਾ ਦੇ ਸਕੱਤਰ, ਸਰਵਨ ਸਿੰਘ ਕਰਨਗੇ।
- ਡੀਸੀ ਦਫਤਰ ਬਰਨਾਲਾ ਦੇ ਸੁਪਰਡੈਂਟ ਮਾਲ ਵਿਭਾਗ- ਬਲਦੇਵ ਰਾਜ
ਕੰਮ....ਖੇਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਫੇਸ ਮਾਸਕ ਅਤੇ ਸਾਈਨੇਟਾਈਜ਼ਰ ਤੇ ਗਲਬਜ ਮੁਹੱਈਆ ਕਰਵਾਉਣਗੇ, ਇਸ ਦਾ ਰਿਕਾਰਡ ਰੱਖਣਗੇ। ਇਨ੍ਹਾਂ ਦਾ ਸਹਿਯੋਗ ਜਿਲ੍ਹਾ ਨਾਜ਼ਰ ,ਸਹਾਇਕ ਲਲਿਤ ਕੁਮਾਰ ਕੁਮਾਰ ਕਰਨਗੇ।
- ਐਸ.ਐਮ.ਉ ਮਹਿਲ ਕਲਾਂ- ਡਾਕਟਰ ਹਰਜਿੰਦਰ ਸਿੰਘ
ਕੰਮ....ਹਰ ਘਰ ਦੇ ਮੈਂਬਰ ਦਾ ਮੈਡੀਕਲ ਚੈਕਅੱਪ ਕਰਵਾਉਣਗੇ,ਚੈਕ ਕੀਤੇ ਵਿਅਕਤੀਆਂ ਦਾ ਰਿਕਾਰਡ ਰੱਖਣਗੇ, ਇਲਾਕੇ ਚ, ਮੈਡੀਕਲ ਐਮਰਜੈਂਸੀ ਲਈ, ਇੱਕ ਐਂਬੂਲੈਂਸ 24 ਘੰਟੇ ਹਾਜ਼ਿਰ ਰੱਖਣਾ ਯਕੀਨੀ ਬਣਾਉਣਗੇ, ਇਸ ਖੇਤਰ ਚ, ਰਹਿਣ ਵਾਲੇ ਲੋਕਾਂ ਪਾਸੋਂ ਕੋਈ ਵੀ ਐਮਰਜੈਂਸੀ ਸੰਦੇਸ਼ ਪ੍ਰਾਪਤ ਹੋਣ ਤੇ ਰੈਪਿਡ ਰਿਸਪੌਂਸ ਟੀਮ ਨੂੰ ਤੁਰੰਤ ਜਾਣਕਾਰੀ ਦੇਣਗੇ।
- ਸਹਾਇਕ ਲੋਕ ਸੰਪਰਕ ਅਫਸਰ - ਜਗਵੀਰ ਕੌਰ
ਕੰਮ....ਲੋਕਾਂ ਨੂੰ ਮੁਨਾਦੀ ਕਰਵਾ ਕੇ ਜਾਗਰੂਕ ਕਰਨਗੇ,ਇਲਾਕਾ ਵਾਸੀਆਂ ਦੀ ਸਹਾਇਤਾ ਲਈ, ਸਬੰਧਿਤ ਵਿਭਾਗਾਂ ਦੇ ਨੁਮਾਇੰਦਿਆਂ ਦੇ ਫੋਨ ਨੰਬਰ-ਫਲੈਕਸ ਬੋਰਡ ਬਣਾ ਕੇ ਵੱਖ-ਵੱਖ ਥਾਵਾਂ ਤੇ ਲਗਵਾਉਣਗੇ।