ਹਰਿੰਦਰ ਨਿੱਕਾ
- ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕੋਵਿਡ-19 ਵਿਰੁੱਧ ਪਹਿਲਕਦਮੀ
- ਸਿਵਲ ਹਸਪਤਾਲ ਬਰਨਾਲਾ ’ਚ ਸੈਨੇਟਾਈਜ਼ੇਸ਼ਨ ਚੈਂਬਰ ਸਥਾਪਿਤ
ਬਰਨਾਲਾ, 08 ਅਪਰੈਲ 2020 - ਕੋਵਿਡ 19 ਵਿਰੁੱਧ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਸੈਨੇਟਾਈਜ਼ੇਸ਼ਨ ਚੈਂਬਰ ਸਥਾਪਿਤ ਕੀਤਾ ਗਿਆ ਹੈ, ਜਿਸ ਰਾਹੀਂ 10 ਸੈਕਿੰਡ ਵਿਚ ਆਪਣੇ ਆਪ ਨੂੰ ਸੈਨੇਟਾਈਜ਼ ਕੀਤਾ ਜਾ ਸਕਦਾ ਹੈ। ਸਿਵਲ ਹਸਪਤਾਲ, ਬਰਨਾਲਾ ਵਿਖੇ ਸਥਾਪਿਤ ਇਸ ਸੈਨੇਟਾਈਜੇਸ਼ਨ ਚੈਂਬਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਐਸਐਸਪੀ ਸ੍ਰੀ ਸੰਦੀਪਿ ਗੋਇਲ ਵੱਲੋਂ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਫੂਲਕਾ ਨੇ ਆਖਿਆ ਕਿ ਕੋਰੋਨਾ ਵਾਇਰਸ ਵਿਰੁੁੱਧ ਲੜਨ ਅਤੇ ਇਸ ਤੋਂ ਬਚਣ ਲਈ ਸਰੀਰ ਦਾ ਰੋਗਾਣੂ ਮੁਕਤ ਹੋਣਾ ਜ਼ਰੂਰੀ ਹੈ ਤੇ ਇਸ ਸੈਨੇਟਾਈਜੇਸ਼ਨ ਚੈਂਬਰ ਰਾਹੀਂ 10 ਸੈਕਿੰਡ ਵਿਚ ਆਪਣੇ ਆਪ ਨੂੰ ਸੈਨੇਟਾਈਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਡਾਕਟਰਾਂ, ਹੋਰ ਅਮਲੇ ਤੇ ਮਰੀਜ਼ਾਂ ਲਈ ਇਹ ਚੈਂਬਰ ਵਰਦਾਨ ਸਾਬਿਤ ਹੋ ਸਕਦਾ ਹੈ। ਸਿਵਲ ਹਸਪਤਾਲ ਨੂੰ ਇਹ ਚੈਂਬਰ ਭੇਟ ਕਰਨ ਵਾਲੀ ‘ਸੌਲਵਰ ਸਾਫਟਵੇਅਰ’ ਕੰਪਨੀ ਦਾ ਉਨਾਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜੋ ਅਜਿਹੇ ਉਪਕਰਨਾਂ ਰਾਹੀਂ ਮਨੁੱਖਤਾ ਦੀ ਸੇਵਾ ’ਚ ਡਟੀ ਹੋਈ ਹੈ।
ਇਸ ਮੌਕੇ ‘ਸੌਲਵਰ ਸਾਫਟਵੇਅਰ’ ਕੰਪਨੀ ਤੋਂ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਚੈਂਬਰ ਨੂੰ ਤਿਆਰ ਕਰਨ ’ਤੇ 10 ਤੋਂ 12 ਹਜ਼ਾਰ ਦੀ ਲਾਗਤ ਆਉਦੀ ਹੈ। ਇਸ ’ਚ ਇਕ ਬਟਨ ਲੱਗਿਆ ਹੋਇਆ ਹੈ, ਜਿਸ ਨੂੰ ਦਬਾਉਣ ਨਾਲ ਸੈਨੇਟਾਈਜ਼ੇਸ਼ਨ ਹੋਣ ਲੱਗਦੀ ਹੈ ਤੇ 10 ਸੈਕਿੰਡ ਵਿਚ ਪੂਰਾ ਸਰੀਰ ਸੈਨੇਟਾਈਜ਼ ਹੋ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਚੈਂਬਰ ਤੋਂ ਇਲਾਵਾ ਦੋ ਹੋਰ ਚੈਂਬਰ ਸਿਵਲ ਹਸਪਤਾਲ ’ਚ ਲਾਏ ਜਾਣਗੇ ਤੇ ਇਸ ਚੈਂਬਰ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਉਨਾਂ ਨਾਲ 95015-44226 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਇਸ ਚੈਂਬਰ ਨੂੰ ਤਿਆਰ ਕਰਨ ’ਚ ਉਹ ਹਰ ਸੰਭਵ ਮਦਦ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ, ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।