ਬਰਨਾਲਾ : ਕੰਟੇਨਮੈਂਟ ਜ਼ੋਨਾਂ ਸੰਬੰਧੀ ਹੁਕਮਾਂ ਵਿਚ ਹੋਈ ਸੋਧ
- ਵਾਰਡ ਨੰਬਰ 13, 15, 16, 17, 18, 19 ਨੂੰ ਕੀਤਾ ਜ਼ੋਨ ਤੋਂ ਮੁਕਤ
* ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਰਹੇਗੀ ਜਾਰੀ
* ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ
ਹਰਿੰਦਰ ਨਿੱਕਾ
ਬਰਨਾਲਾ, 22 ਅਪ੍ਰੈਲ 2020 : ਕੋਰੋਨਾ ਵਾਇਰਸ ਫੈਲਣ ਤੋਂ ਰੋਕਥਾਮ ਲਈ ਜ਼ਿਲ੍ਹਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਤਹਿਤ ਸ਼ਹਿਰ ਬਰਨਾਲਾ ਦੇ ਵਾਰਡ ਨੰਬਰ 13,15,16,17,18,19 ਨੂੰ ਸੀਲ ਕਰ ਕੇ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਹਨਾਂ ਹੁਕਮਾਂ ਵਿਚ ਸੋਧ ਕਰਦਿਆਂ ਹੁਣ ਸਿਰਫ ਗਲੀ ਨੰਬਰ 4 ਸੇਖਾ ਰੋਡ (ਵਾਰਡ ਨੰਬਰ 18 ਬਰਨਾਲਾ) ਨੂੰ ਹੀ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਦੋਂ ਕਿ ਵਾਰਡ ਨੰਬਰ 13, 15, 16, 17, 18, 19 ਨੂੰ ਕੰਟੇਨਮੈਂਟ ਜ਼ੋਨ ਤੋਂ ਮੁਕਤ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ ਕਿ ਪਹਿਲਾਂ ਦੀ ਤਰ੍ਹਾਂ ਗਲੀ ਨੰਬਰ 4, ਸੇਖਾ ਰੋਡ, ਵਾਰਡ ਨੰਬਰ 18 ਦੇ ਵਾਸੀਆਂ ਨੂੰ ਜ਼ਰੂਰੀ ਵਸਤਾਂ ਘਰ ਘਰ ਨਿਰਵਿਘਨ ਸਪਲਾਈ ਕਰਵਾਈਆਂ ਜਾਣ ਤੇ ਪੁਲੀਸ ਵੱਲੋਂ ਗਲੀ ਨੰਬਰ 4 ਸੇਖਾ ਰੋਡ ਵਿਖੇ ਪੁਆਇੰਟ ਨੰਬਰ 1, 2, 3 ਤੇ 4 ’ਤੇ ਬੈਰੀਕੇਡਿੰਗ ਕਰਵਾਈ ਜਾਵੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਇਕ ਤੋਂ ਦੂਜੇ ਵਿਅਕਤੀ ਵਿਚਾਲੇ 2 ਮੀਟਰ ਦਾ ਫਾਸਲਾ ਬਣਾ ਕੇ ਰੱਖਿਆ ਜਾਵੇ।