ਰਜਨੀਸ਼ ਸਰੀਨ
- ਰੋਜ਼ਾਨਾ ਸਿਹਤ ਨਿਰੀਖਣ ਦੇ ਨਾਲ ਚੁਸਤੀ-ਫੁਰਤੀ ਲਈ ਯੋਗਾ ਤੇ ਮਨੋਬਲ ਵਧਾਉਣ ਲਈ ਕੌਂਸਲਿੰਗ ਕੀਤੀ ਜਾਂਦੀ ਹੈ
- ਵ੍ਹੀਟ ਐਲਰਜੀ ਤੋਂ ਪੀੜਤ ਨੌਜੁਆਨ ਨੂੰ ਦਿੱਤਾ ਜਾਂਦਾ ਹੈ ਵੱਖਰਾ ਖਾਣਾ
- ਐਸ ਡੀ ਐਮ ਜਸਬੀਰ ਸਿੰਘ ਨੇ ਖੁਦ ਜਾ ਕੇ ਨੌਜੁਆਨਾਂ ਨਾਲ ਕੀਤੀ ਗੱਲਬਾਤ
ਬਲਾਚੌਰ, 5 ਮਈ 2020 - ਬਲਾਚੌਰ ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਨੰਦੇੜ ਤੋਂ ਆਏ ਵਿਅਕਤੀਆਂ ਦਾ ਰਿਆਤ ਕੈਂਪਸ ਰੈਲ ਮਾਜਰਾ ਵਿਖੇ ਬਣਾਏ ਇਕਾਂਤਵਾਸ ’ਚ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਇਸ ਥਾਂ ’ਤੇ 50 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਹੁਣ 37 ਵਿਅਕਤੀ ਰਹਿ ਰਹੇ ਹਨ।
ਅੱਜ ਐਸ ਡੀ ਐਮ ਜਸਬੀਰ ਸਿੰਘ ਵੱਲੋਂ ਇਨ੍ਹਾਂ ਨੌਜੁਆਨਾਂ ਨਾਲ ਖੁਦ ਗੱਲਬਾਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ ਗਿਆ। ਉਨ੍ਹਾਂ ਨੇ ਨੌਜੁਆਨਾਂ ਨੂੰ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਬਾਰੇ ਵੀ ਪੁੱਛਿਆ, ਜਿਸ ’ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਹੈ।
ਸਿਹਤ ਵਿਭਾਗ ਵੱਲੋਂ ਉਨ੍ਹਾਂ ਸਾਰਿਆਂ ਦਾ ਰੋਜ਼ਾਨਾ ਦੀ ਤਰ੍ਹਾਂ ਅੱਜ ਫ਼ਿਰ ਸਿਹਤ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਦਾ ਬੁਖਾਰ ਵੀ ਦੇਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰੀਰਕ ਚੁਸਤੀ-ਫ਼ੁਰਤੀ ਲਈ ਯੋਗਾ ਵੀ ਕਰਵਾਇਆ ਗਿਆ ਤਾਂ ਜੋ ਉਨ੍ਹਾਂ ਦਾ ਮਨੋਬਲ ਠੀਕ ਰਹੇ।
ਨਰਿੰਦਰ ਕੁਮਾਰ ਨਾਂ ਦੇ ਨੌਜੁਆਨ ਨੇ ਐਸ ਡੀ ਐਮ ਨਾਲ ਗੱਲਬਾਤ ਦੌਰਾਨ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟਾਇਆ ਅਤੇ ਦੱਸਿਆ ਕਿ ਉਸ ਦਾ ਟੈਸਟ ਨੈਗੇਟਿਵ ਆਇਆ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਤਿੰਨੇ ਟਾਈਮ ਵਧੀਆ ਖਾਣਾ, ਚਾਹ ਤੇ ਫ਼ਰੂਟ ਮਿਲ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ।
ਇਸੇ ਤਰ੍ਹਾਂ ਨਰਿੰਦਰ ਦੇ ਨਾਲ ਆਏ ਇੱਕ ਹੋਰ ਨੌਜੁਆਨ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਵ੍ਹੀਟ ਐਲਰਜੀ ਬਾਰੇ ਦੱਸੇ ਜਾਣ ’ਤੇ ਉਸ ਨੂੰ ਵਿਸ਼ੇਸ਼ ਖਾਣਾ ਮੁਹੱਈਆ ਹੋਣ ਲੱਗ ਪਿਆ ਹੈ। ਉਸ ਨੇ ਐਸ ਡੀ ਐਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਪ੍ਰਸ਼ਾਸਨ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਧਿਆਨ ਰੱਖ ਰਿਹਾ ਹੈ।
ਐਸ ਡੀ ਐਮ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਇਨ੍ਹਾਂ ਇਕਾਂਤਵਾਸ ਕੀਤੇ ਵਿਅਕਤੀਆਂ ਦੀ ਤੰਦਰੁਸਤੀ, ਉਨ੍ਹਾਂ ਦਾ ਖਾਣਾ, ਰਹਿਣ-ਸਹਿਣ ਦਾ ਪ੍ਰਬੰਧ ਅਹਿਮ ਹੈ, ਕਿਉਂ ਜੋ ਇਕਾਂਤਵਾਸ ਦੌਰਾਨ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਉਨ੍ਹਾਂ ਦੇ ਮਨਾਂ ’ਤੇ ਮਾੜਾ ਪ੍ਰਭਾਵ ਪਾਏਗੀ। ਇਸੇ ਲਈ ਪ੍ਰਸ਼ਾਸਨ ਵੱਲੋਂ ਇਨ੍ਹਾਂ ਦਾ ਰੋਜ਼ਾਨਾ ਸਿਹਤ ਨਿਰੀਖਣ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਜੋ ਕੋਈ ਵੀ ਮੁਸ਼ਕਿਲ ਹੋਵੇ ਤਾਂ ਤੁਰੰਤ ਸਾਹਮਣੇ ਆ ਜਾਵੇ।
ਐਸ ਐਮ ਓ ਕਾਠਗੜ੍ਹ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ’ਚੋਂ ਜਿਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ, ਉਨ੍ਹਾਂ ਦੇ 5 ਦਿਨਾਂ ਬਾਅਦ ਦੁਬਾਰਾ ਸੈਂਪਲ ਕਰਵਾਏ ਜਾ ਰਹੇ ਹਨ ਅਤੇ ਦੂਸਰੀ ਰਿਪੋਰਟ ਨੈਗੇਟਿਵ ਆਉਣ ’ਤੇ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡਾਂ ਦੇ ਬਾਹਰ ਬਣਾਏ ਇਕਾਂਤਵਾਸ ’ਚ ਭੇਜਣ ਬਾਰੇ ਸੋਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਬਾਰੇ ਵੀ ਕਿਹਾ ਗਿਆ ਹੈ ਅਤੇ ਕੋਵਿਡ ਤੋਂ ਬਚਾਅ ਲਈ ਰੱਖੇ ਜਾਣ ਵਾਲੇ ਸਾਰੇ ਪ੍ਰਹੇਜ਼ ਵੀ ਕਰਨ ਲਈ ਕਿਹਾ ਗਿਆ ਹੈ।
ਤਹਿਸੀਲਦਾਰ ਚੇਤਨ ਬੰਗੜ ਨੇ ਦੱਸਿਆ ਕਿ ਇਨ੍ਹਾਂ ਸਾਰੇ ਨੌਜੁਆਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਖੁਦ ਇਨ੍ਹਾਂ ਨਾਲ ਸੰਪਰਕ ’ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਰਿਆਤ ਕੈਂਪਸ ਦੀ ਮੈਨੇਜਮੈਂਟ ਵੱਲੋਂ ਪ੍ਰਸ਼ਾਸਨ ਨਾਲ ਵਿਸ਼ੇਸ਼ ਤੌਰ ’ਤੇ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਵੱਲੋਂ ਡਾਇਰੈਕਟਰ (ਐਡਮਿਨ) ਸਤਬੀਰ ਸਿੰਘ ਬਾਜਵਾ ਨੂੰ ਪ੍ਰਸ਼ਾਸਨ ਨਾਲ ਤਾਲਮੇਲ ਦੀ ਜ਼ਿੰਮੇਂਵਾਰੀ ਦਿੱਤੀ ਹੋਈ ਹੈ।