ਰਜਨੀਸ਼ ਸਰੀਨ
- ਦੋ ਪਹੀਆਂ ਅਤੇ ਚਾਰ ਪਹੀਆਂ ਵਾਹਨਾਂ ਦੀ ਵਰਤੋਂ `ਤੇ ਰੋਕ
- ਬੈਂਕਾਂ ਨੂੰ 9 ਤੋਂ 1 ਕੰਮ ਕਰਨ ਦੀ ਮੰਨਜ਼ੂਰੀ
- ਆਨ-ਲਾਇਨ ਤੇ ਡਿਸਟੈਂਸ ਸਿਖਿਆ ਦੀ ਆਗਿਆ
ਨਵਾਂਸ਼ਹਿਰ, 5 ਮਈ 2020 - ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਬਜ਼ੁਰਗਾਂ ਤੇ ਬੱਚਿਆਂ ਨੂੰ ਘਰਾਂ `ਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਬਜ਼ੁਰਗ ਆਪਣੇ ਕੰਮਾਂ-ਕਾਰਾਂ ਲਈ ਨੇੜਲੇ ਰਿਸ਼ਤੇਦਾਰਾਂ ਜਾਂ ਗੁਆਢੀਆ ਨੂੰ ਹੀ ਬਜ਼ਾਰ ਭੇਜਣ।
ਡਿਪਟੀ ਕਮਿਸ਼ਨਰ ਨੇ ਇਸਦੇ ਨਾਲ ਹੀ ਜ਼ਿਲ੍ਹੇ `ਚ ਬੈਂਕਾਂ ਨੂੰ 9 ਤੋਂ 1 ਵਜੇ ਤੱਕ ਕੰਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਬਜ਼ਾਰਾਂ `ਚ ਵਾਹਨਾਂ ਦੇ ਭੀੜ-ਭੜੱਕੇ ਕਾਰਨ ਸਮਾਜਿਕ ਦੂਰੀ ਦੀ ਪਾਲਣਾ `ਤੇ ਪੈ ਰਹੇ ਪ੍ਰਭਾਵ ਨੂੰ ਦੇਖਦਿਆ ਬਜ਼ਾਰਾਂ `ਚ ਦੋ ਪਹੀਆਂ ਅਤੇ ਚਾਰ ਪਹੀਆਂ ਵਾਹਨਾਂ ਦੀ ਵਰਤੋਂ ਵਰਜਿਤ ਕਰ ਦਿੱਤੀ ਹੈ। ਜਿਸ ਕਿਸੇ ਨੂੰ ਵੀ ਮੈਡੀਕਲ ਜਾਂ ਹੋਰ ਐਮਰਜੈਂਸੀ ਲਈ ਵਾਹਨ ਦੀ ਵਰਤੋਂ ਦੀ ਲੋੜ ਹੋਵੇਗੀ, ਉਹ ਆਪਣੇ ਐਸ.ਡੀ.ਐਮ. ਤੋਂ ਪਾਸ ਹਾਸਲ ਕਰੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਵਲ ਸਰਕਾਰੀ/ਨਿੱਜੀ ਅਤੇ ਉਦਯੋਗਿਕ ਇਕਾਈਆਂ `ਚ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੇ ਅਦਾਰਿਆਂ ਵਲੋਂ ਜਾਰੀ ਪਛਾਣ ਪੱਤਰਾਂ ਦੇ ਅਧਾਰ `ਤੇ ਹੀ ਵਾਹਨ ਰਾਹੀਂ ਕੰਮ ਤੇ ਜਾਣ ਅਤੇ ਕੰਮ ਤੋਂ ਵਾਪਸ ਆਉਣ ਦੀ ਵਰਤੋਂ ਦੀ ਆਗਿਆ ਹੋਵੇਗੀ, ਪ੍ਰੰਤੂ ਉਨ੍ਹਾਂ ਨੂੰ ਵੀ ਇਸ ਸ਼ਰਤ ਦੀ ਪਾਲਣਾ ਕਰਨੀ ਪਵੇਗੀ ਕਿ ਦੋ ਪਹੀਆ ਵਾਹਨ ਉੱਪਰ ਕੇਵਲ ਇੱਕ ਵਿਅਕਤੀ, 5 ਸੀਟਾਂ ਵਾਲੀ ਕਾਰ ਵਿੱਚ ਡਰਾਇਵਰ ਸਮੇਤ 2 ਵਿਅਕਤੀ ਅਤੇ 7 ਸੀਟਾਂ ਵਾਲੀ ਕਾਰ ਵਿੱਚ ਕੇਵਲ 3 ਵਿਅਕਤੀ ਹੀ ਬੈਠ ਸਕਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਕੂਲ/ਕਾਲਜ ਅਤੇ ਵਿਦਿਅਕ ਸੰਸਥਾਵਾਂ ਬੰਦ ਹੀ ਰੱਖੇ ਜਾਣ ਅਤੇ ਆਨ-ਲਾਇਨ `ਤੇ ਡਿਸਟੈਂਸ ਸਿਖਿਆ ਜਾਰੀ ਰੱਖਣ ਦੇ ਹੁਕਮ ਵੀ ਕੀਤੇ ਹਨ। ਆਨ -ਲਾਇਨ `ਤੇ ਡਿਸਟੈਂਸ ਪ੍ਰਦਾਨ ਕਰਨ ਵਾਲੇ ਆਪਣੇ ਦਫ਼ਤਰ ਖੋਲ੍ਹਣ ਲਈ ਵੱਖਰੇ ਤੌਰ `ਤੇ ਪਾਸ ਜਾਰੀ ਕਰਵਾ ਸਕਦੇ ਹਨ, ਪ੍ਰੰਤੂ ਇਹ ਆਪਣੇ ਦਫ਼ਤਰ ਜਾਂ ਅਦਾਰੇ `ਚ ਕਲਾਸਾਂ ਨਹੀਂ ਲਗਾ ਸਕਦੇ।
ਜ਼ਿਲ੍ਹੇ ਵਿੱਚ ਟੈਕਸੀ, ਕੈਬ, ਆਟੋ ਰਿਕਸ਼ਾ, ਸਾਈਕਲ ਰਿਕਸ਼ਾ ਤੇ ਮਨਾਹੀ ਰਹੇਗੀ। ਜ਼ਿਲ੍ਹੇ `ਚ ਜਾਂ ਜ਼ਿਲ੍ਹੇ ਤੋਂ ਬਾਹਰ ਬੱਸਾਂ ਚਲਾਉਣ `ਤੇ ਵੀ ਪਾਬੰਦੀ ਰਹੇਗੀ।
ਉਨ੍ਹਾਂ ਦੱਸਿਆ ਕਿ ਸ਼ਹਿਰਾਂ `ਚ ਦੂਰ ਤੋਂ ਨਿੱਜੀ ਵਾਹਨਾਂ `ਤੇ ਆਉਣ ਵਾਲਿਆ ਲਈ ਪੁਲਿਸ ਵਲੋਂ ਪਾਰਕਿੰਗ ਦੇ ਸ਼ਹਿਰ ਤੋਂ ਬਾਹਰ ਪ੍ਰਬੰਧ ਕੀਤੇ ਜਾਣਗੇ, ਜਿਥੇ ਆਪਣਾ ਵਾਹਨ ਖੜ੍ਹਾ ਕਰਕੇ ਅੱਗੇ ਬਜ਼ਾਰ ਜਾਇਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਬਜ਼ਾਰ ਵਿੱਚ ਆਉਣ ਵਾਲੇ ਲੋਕਾਂ ਨੂੰ ਗਰੁੱਪਾਂ ਵਿੱਚ ਆਉਣ ਦੀ ਬਜਾਏ ਇਕੱਲੇ ਇਕੱਲੇ ਸਮਾਜਿਕ ਫ਼ਾਸਲਾ ਕਾਇਮ ਰੱਖ ਕੇ ਤੇ ਮੂੰਹ `ਤੇ ਮਾਸਕ ਲਗਾ ਕੇ ਆਉਣ ਦੀ ਹਦਾਇਤ ਕੀਤੀ ਹੈ।